(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਵਿਖੇ ਗਣਤੰਤਰ ਦਿਵਸ ਦੇ ਸ਼ੁਭ ਮੌਕੇ ’ਤੇ ਸਮਾਰਟ ਕਲਾਸਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਤਿਰੰਗਾ ਲਹਿਰਾ ਕੇ ਸਭ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ।
ਇਸ ਮੌਕੇ ਸਟਾਫ, ਮਾਪਿਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਡਿਜੀਟਲ ਦੀ ਦੁਨੀਆਂ ਵਿਚ ਬੱਚੇ ਵਿਚਰ ਰਹੇ ਹਨ, ਉਹਨਾਂ ਨੂੰ ਉਸੇ ਤਰੀਕੇ ਸਿੱਖਿਅਤ ਕਰਨ ਵਾਸਤੇ ਸਮਾਰਟ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਦਿੱਲੀ ਦੇ ਅਨੇਕਾਂ ਸਕੂਲਾਂ ਵਿਚ ਸਮਾਰਟ ਕਲਾਸਾਂ ਚਲ ਰਹੀਆਂ ਹਨ ਪਰ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਕਾਲਕਾ ਜੀ ਸ਼ਾਖ਼ਾ ਤੋਂ ਇਸਦੀ ਸ਼ੁਰੂਆਤ ਹੋਈ ਹੈ। ਉਹਨਾਂ ਕਿਹਾ ਕਿ ਇਹ ਸਮਾਰਟ ਕਲਾਸਾਂ ਸਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸ਼ੁਰੂ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਤੇ ਸਟਾਫ ਬਹੁਤ ਮਿਹਨਤੀ ਤੇ ਕਾਬਲ ਹਨ। ਉਹਨਾਂ ਕਿਹਾ ਕਿ ਪਰ ਜਦੋਂ ਸਕੂਲ ਦਾ ਸਟਾਫ ਵੀ ਯੋਗ ਹੋਵੇ ਤੇ ਬੁਨਿਆਦੀ ਢਾਂਚਾ ਵੀ ਵਧੀਆ ਹੋਵੇ ਤਾਂ ਵੀ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣਾ ਬਹੁਤ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਅਸੀਂ ਆਲੇ ਦੁਆਲੇ ਦੇ ਸਕੂਲਾਂ ਤੋਂ ਜ਼ਿਆਦਾ ਵਿਦਿਆਰਥੀ ਸਮਰਥਾ ਵਧਾਉਣੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਨਾਂ ’ਤੇ ਜੋ ਵਿਦਿਅਕ ਅਦਾਰੇ ਚਲ ਰਹੇ ਹਨ, ਇਹਨਾਂ ਨੂੰ ਬੁਲੰਦੀ ’ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਗਵਰਨਿੰਗ ਬਾਡੀ ਦੀ ਬਣਦੀ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਵਿਦਿਆਰਥੀਆਂ ਦੀ ਗਿਣਤੀ ਵਧੇਗੀ।
ਉਹਨਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਹਿੰਦੋਸਤਾਨ ਦੀਆਂ ਸਰਵੋਤਮ ਕੰਪਨੀਆਂ ਹਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਵਿਚ ਕੰਮ ਕਰ ਰਹੀਆਂ ਹਨ, ਉਹਨਾਂ ਰਾਹੀਂ ਅਸੀਂ ਆਪਣੇ ਸਕੂਲਾਂ ਵਿਚ ਏ ਆਈ ਦੀ ਪੜ੍ਹਾਈ ਸ਼ੁਰੂ ਕਰਵਾ ਸਕੀਏ ਕਿਉਂਕਿ ਵਿਦਿਆਰਥੀ ਹੁਣ ਗੁਗਲ ਛੱਡ ਕੇ ਚੈਟ ਜੀ ਪੀ ਟੀ ਤੇ ਹੋਰ ਏ ਆਈ ਸਰੋਤਾਂ ਰਾਹੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ।
ਉਹਨਾਂ ਨੇ ਸਟਾਫ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਅਤੇ ਗਵਰਨਿੰਗ ਬਾਡੀਆਂ ਨਾਲ ਰਲ ਮਿਲ ਕੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਕੰਮ ਕਰਨ। ਉਹਨਾਂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਇਹ ਸ਼ੁਰੂਆਤ ਕਰਵਾਉਣ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਸਮਾਰਟ ਕਲਾਸਾਂ ਵਿਚ ਪੜ੍ਹਾਉਣ ਵਾਸਤੇ ਸਟਾਫ ਨੂੰ ਸਿੱਖਲਾਈ ਦੀ ਜ਼ਰੂਰਤ ਪਈ ਤਾਂ ਅਸੀਂ ਸਿੱਖਲਾਈ ਦੁਆਵਾਂਗੇ।