(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਦੀ ਦੂਜੀ ਵੱਡੀ ਨੁਮਾਇੰਦਾ ਸੰਸਥਾ ਹੈ। ਜਿਸਦਾ ਕਿ ਆਪਣਾ ਇੱਕ ਵੱਡਾ ਵੱਕਾਰ ਹੈ। ਪਰ ਜਿਸ ਤਰ੍ਹਾਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸਦੇ ਵੱਕਾਰ ਨੂੰ ਢਾਹ ਲਗਾਉਣ ਲੱਗੇ ਹੋਏ ਹਨ। ਉਹ ਵੀ ਆਪਣੇ ਆਪ ‘ਚ ਇਕ ਮਿਸਾਲ ਹੈ। ਦਿੱਲੀ ਦੇ ਵੱਖ – ਵੱਖ ਹਲਕਿਆਂ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਜੇਕਰ ਦਿੱਲੀ ਕਮੇਟੀ ਉਹਨਾਂ ਸਾਰੇ ਉਮੀਦਵਾਰਾਂ ਦੇ ਹੱਕ ‘ਚ ਬਤੌਰ ਸਿੱਖ ਹੋਣ ਕਾਰਨ ਵੋਟਾਂ ਮੰਗਦੀ ਤਾਂ ਗੱਲ ਸਮਝ ਆਉੰਦੀ ਸੀ।

ਪਰ ਜਿਸ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਆਪਣੇ ਪਤਿਤ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਨਾ ਮੰਨਣ ਕਰਕੇ ਭਜਾਏ ਹੋਏ ਮਨਜਿੰਦਰ ਸਿੰਘ ਸਿਰਸਾ ਲਈ ਦਿੱਲੀ ਕਮੇਟੀ ਨੂੰ ਗਲੀ ਗਲੀ ਲਈ ਫਿਰਦੇ ਹਨ, ਇਹ ਅਤਿ ਨਿਮੋਸ਼ੀ ਦੀ ਗੱਲ ਹੈ। ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਤੇ ਕਿਸਾਨੀ ਸੰਘਰਸ਼ ਦਾ ਭਗੋੜਾ ਹੈ। ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਪਿੱਠ ‘ਚ ਛੁਰਾ ਮਾਰਿਆ ਤੇ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਮਨੋਹਰ ਲਾਲ ਖੱਟਰ ਨੂੰ ਨਾਲ ਲੈ ਕੇ ਕਾਗਜ਼ ਭਰੇ ਹਨ। ਅਜਿਹੇ ਬੰਦੇ ਦਾ ਪ੍ਰਚਾਰ ਕਰਕੇ ਦਿੱਲੀ ਕਮੇਟੀ ਅੱਜ ਨਮੋਸ਼ੀਆਂ ਖੱਟ ਰਹੀ ਹੈ। ਰਾਜੌਰੀ ਗਾਰਡਨ ਦੀ ਸੰਗਤ ਨੂੰ ਚਾਹੀਦਾ ਹੈ ਕਿ ਗੁਰੂ ਦੀ ਗੋਲਕ ਲੁੱਟਣ ਵਾਲੇ, ਸਿੱਖਾਂ ਤੇ ਕਿਸਾਨੀ ਸੰਘਰਸ਼ ਦੇ ਗ਼ੱਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਕਰਾਰੀ ਹਾਰ ਦੇ ਕੇ ਇਸਦਾ ਸਬਕ ਸਿਖਾਉਣ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਸ. ਗੁਰਮੀਤ ਸਿੰਘ ਫਿਲਪੀਨਜ਼ , ਹਰਮੀਤ ਸਿੰਘ ਵਡਾਲੀ ਤੇ ਸ. ਦਵਿੰਦਰ ਸਿੰਘ ਆਦਿ ਹਾਜ਼ਰ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version