(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪਾਕਿਸਤਾਨ ਵਿੱਚਲੇ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰਿਆਂ ਦੇ ਲਈ, ਨਨਕਾਣਾ ਸਾਹਿਬ ਦੇ ਵੀਜ਼ਾ ਔਨ ਅਰਾਇਵਲ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਕੇ ਅਧਾਰ ਕਾਰਡ ਨੂੰ ਮਾਨਤਾ ਦੇਣ ਤੇ ਉੱਥੇ ਦੋ ਚਾਰ ਦਿਨ ਲਈ ਸੰਗਤ ਦੇ ਰੁਕਣ ਦੇ ਪ੍ਰਬੰਧ ਆਦਿ ਮਸਲਿਆਂ ਨੂੰ ਲੈ ਕੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਵਫ਼ਦ ਵਲੋਂ ਮੁਲਾਕਾਤ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਦਸਿਆ ਕਿ ਉਨ੍ਹਾਂ ਨੇ ਸਾਨੂੰ ਇਹਨਾਂ ਮੰਗਾਂ ਤੇ ਗੌਰ ਕਰਨ ਦਾ ਭਰੋਸਾ ਦਿੰਦਿਆਂ ਉਹਨਾਂ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਭਾਰਤ ਵਿਚਲੇ 65 ਸਾਲ ਤੋਂ ਉੱਪਰ ਉਮਰ ਦੇ ਸ਼ਰਧਾਲੂਆਂ ਲਈ ਵੀਜ਼ਾ ਸ਼ਰਤਾਂ ਸੌਖੀਆਂ ਕੀਤੀਆਂ ਗਈਆਂ ਹਨ ਤਾਂ ਜੋ ਆਪਣੇ ਪਰਿਵਾਰਾਂ ਸਮੇਤ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ।
ਇਹ ਖ਼ਬਰ ਸਾਡੇ ਸਭ ਲਈ ਬਹੁਤ ਹੀ ਖੁਸ਼ੀ ਭਰੀ ਹੈ । ਹੁਣ 65 ਸਾਲ ਤੋਂ ਉੱਪਰ ਦੇ ਬਜ਼ੁਰਗ ਆਪਣੇ ਪੁੱਤ ਪੋਤਰਿਆਂ ਭਾਵ ਪਰਿਵਾਰ ਨਾਲ ਜਦੋਂ ਚਾਹੇ ਪਾਕਿਸਤਾਨ ਦੀ ਅਬੈਸੀ ਵਿੱਚ ਆਪਣੇ ਕਾਗਜ਼ ਦਾਖਲ ਕਰਵਾ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾ ਸਕਦਾ ਹੈ। ਅੱਗੇ ਸਿਰਫ ਸਾਲ ਵਿੱਚ 4 ਵਾਰੀ ਜੱਥਿਆਂ ਨਾਲ ਹੀ ਇਹ ਯਾਤਰਾ ਕੀਤੀ ਜਾ ਸਕਦੀ ਸੀ ਪਰ ਹੁਣ ਇਹ ਸਿੱਖ ਬਜ਼ੁਰਗਾਂ ਲਈ ਚੰਗੀ ਖ਼ਬਰ ਹੈ ।ਇਸਦੇ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ।
ਲਹਿੰਦੇ ਪੰਜਾਬ ਵਿੱਚ ਸਾਡੀਆਂ ਜੜ੍ਹਾਂ ਜੁੜੀਆਂ ਹੋਈਆਂ ਹਨ। ਸਾਡੇ ਕਿੰਨੇ ਹੀ ਪਵਿੱਤਰ ਗੁਰਧਾਮ ਹਨ ਤੇ ਸਾਡੀ ਕਿੰਨੀ ਵੱਡੀ ਵਿਰਾਸਤ ਹੈ। ਇਸ ਲਈ ਸਾਡੇ ਲਈ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਚੰਗਾ ਉਪਰਾਲਾ ਹੈ ਤੇ ਸਾਨੂੰ ਇਸਦਾ ਲਾਹਾ ਖੱਟਣਾ ਚਾਹੀਦਾ ਹੈ। ਸ. ਪਰਮਜੀਤ ਸਿੰਘ ਸਰਨਾ ਨੇ ਇਹ ਅਪੀਲ ਵੀ ਕੀਤੀ ਕਿ 65 ਸਾਲ ਤੋਂ ਉੱਪਰ ਦੇ ਬਜ਼ੁਰਗ ਆਪਣੇ ਪਾਸਪੋਰਟ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਦਫ਼ਤਰ ਵਿੱਚ ਜਮਾ ਕਰਵਾ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਪੂਰੀ ਮਦਤ ਕੀਤੀ ਜਾਵੇਗੀ।