ਮਨਪ੍ਰੀਤ ਸਿੰਘ ਖਾਲਸਾ.

ਸਿੱਖ ਕੌਮ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਅਤੇ ਗੁਰਮਤਿ ਪ੍ਰਚਾਰਕ ਅਤਿ ਸਤਿਕਾਰਯੋਗ ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ (ਦਿੱਲੀ ਵਾਲੇ), ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਤਿਮ ਅਰਦਾਸ ਸਮਾਗਮ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ, ਧਾਰਮਿਕ, ਸਮਾਜਿਕ ਅਤੇ ਪੰਥਕ ਆਗੂਆਂ ਨੇ ਹਾਜ਼ਰੀ ਭਰਦਿਆਂ ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਹਨਾਂ ਦੀ ਪਵਿੱਤਰ ਰੂਹ ਦੀ ਚੜ੍ਹਦੀ ਕਲਾ ਅਤੇ ਸੱਚਖੰਡ ਵਾਸ ਲਈ ਅਰਦਾਸ ਕੀਤੀ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਜਗਦੀਪ ਸਿੰਘ ਕਾਹਲੋਂ, ਕਮੇਟੀ ਦੇ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ (ਦਿੱਲੀ ਇਕਾਈ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ ਦੇ ਸਪੁੱਤਰਾਂ ਨੂੰ ਸਨਮਾਨ ਵਜੋਂ ਦਸਤਾਰ ਭੇਂਟ ਕੀਤੀ ਗਈ। ਇਹ ਸਨਮਾਨ ਸੰਤ ਬਾਬਾ ਜੀ ਦੀਆਂ ਪੰਥਕ ਅਤੇ ਧਾਰਮਿਕ ਸੇਵਾਵਾਂ ਪ੍ਰਤੀ ਕਮੇਟੀ ਵੱਲੋਂ ਪ੍ਰਗਟਾਏ ਗਏ ਡੂੰਘੇ ਸਤਿਕਾਰ ਅਤੇ ਸ਼ਰਧਾ ਦਾ ਪ੍ਰਤੀਕ ਰਿਹਾ। ਅੰਤਿਮ ਅਰਦਾਸ ਸਮਾਗਮ ਦੌਰਾਨ ਸਮੂਹ ਸੰਗਤ ਨੇ ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ ਦੇ ਵਿਛੋੜੇ ਨੂੰ ਸਿੱਖ ਪੰਥ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।

Share.
© 2026 (ਫਤਿਹ ਲਾਈਵ) FatehLive.com. Designed by Forever Infotech.
Exit mobile version