ਸਿੱਖ ਕਤਲੇਆਮ ਦੇ 40 ਵਰ੍ਹੇ ਬੀਤਣ ਤੇ ਵੀ ਇੰਨਸਾਫ ਨਹੀਂ ਮਿਲ ਸਕਿਆ ਤਦ ਪਹਿਲਗਾਮ ਪੀੜੀਤਾਂ ਨੂੰ ਕਿਸ ਤਰ੍ਹਾਂ ਮਿਲੇਗਾ ਇੰਨਸਾਫ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪਹਿਲਗਾਮ ਵਿਖ਼ੇ ਹੋਏ ਦਰਦਨਾਕ ਹਮਲੇ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ ਕਿਉਕਿ ਇਹ ਹਮਲਾ ਇਕ ਗਿਣੀ ਮਿੱਠੀ ਸਾਜ਼ਿਸ਼ ਅਧੀਨ ਮਾਨਵਤਾ ਉਪਰ ਕੀਤਾ ਗਿਆ ਹੈ। ਇਸ ਹਮਲੇ ਵਿਚ ਮਾਰੇ ਗਏ ਅਤੇ ਜਖਮੀ ਹੋਏ ਪੀੜਿਤ ਪਰਿਵਾਰਾਂ ਨਾਲ ਸਾਡੀ ਡੂੰਘੀ ਹਮਦਰਦੀ ਹੈ।
ਬੀਬੀ ਨਿਰਪ੍ਰੀਤ ਕੌਰ ਜੋ ਕਿ ਦਿੱਲੀ ਸਿੱਖ ਕਤਲੇਆਮ ਦੇ ਪੀੜਿਤ, ਸੱਜਣ ਕੁਮਾਰ ਨੂੰ ਜੇਲ੍ਹ ਅੰਦਰ ਡੱਕਣ ਵਿਚ ਮੁੱਖ ਗਵਾਹ ਅਤੇ ਸਿੱਖ ਕਤਲੇਆਮ ਨਾਲ ਸੰਬੰਧਿਤ ਬਹੁਤ ਸਾਰੇ ਕੇਸਾਂ ਦੀ ਪੈਰਵੀ ਕਰ ਰਹੇ ਹਨ ਨੇ ਕਿਹਾ ਕਿ ਇਸ ਹਮਲੇ ਵਿਚ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਗੋਲੀ ਚਲਾਣ ਤੋਂ ਪਹਿਲਾਂ ਨਾਮ ਪੁੱਛਿਆ ਗਿਆ ਸੀ ਜਿਸ ਤੇ ਸਾਨੂੰ ਨਵੰਬਰ 1984 ਦੇ ਓਹ ਦਿਨ ਯਾਦ ਆ ਗਏ ਹਨ ਜਦੋ ਦਿੱਲੀ ਅਤੇ ਵੱਖ ਵੱਖ ਸ਼ਹਿਰਾਂ ਅੰਦਰ ਠੀਕ ਇਸੇ ਤਰ੍ਹਾਂ ਪੁਲਿਸ ਨਾਲ ਮਿਲੀਭੁਗਤ ਅਧੀਨ ਸਿੱਖਾਂ ਦੀ ਨਿਸ਼ਾਨ ਦੇਹੀ ਕਰਕੇ ਉਨ੍ਹਾਂ ਨੂੰ ਮਾਰਿਆ ਗਿਆ ਸੀ, ਬੀਬੀਆਂ ਨਾਲ ਜਬਰਜਿਨਾਹ ਕੀਤਾ ਗਿਆ ਸੀ, ਰਾਹ ਜਾਂਦੇ ਸਿੱਖਾਂ ਦੇ ਗਲੇ ਵਿਚ ਟਾਇਰ ਪਾ ਕੇ ਜਿਓੰਦੇ ਜੀਅ ਸਾੜਿਆ ਗਿਆ ਸੀ ਤੇ ਭੰਗੜੇ ਪਾ ਕੇ ਕਿਹਾ ਜਾ ਰਿਹਾ ਸੀ ਕਿ ਦੇਖੋ ਸਿੱਖੜਾ ਨਾਚ ਰਹਾ ਹੈ ਇਥੋਂ ਤਕ ਕਹਿਰ ਮਚਾਇਆ ਗਿਆ ਸੀ ਕਿ ਦੁੱਧ ਚੁੰਘਦੇ ਬਚਿਆਂ ਉਪਰ ਵੀ ਰਹਿਮ ਨਹੀਂ ਕੀਤਾ ਗਿਆ ਸੀ।
ਇਸੇ ਤਰ੍ਹਾਂ ਗੁਜਰਾਤ ਵਿਚ ਗੋਧਰਾ ਕਾਂਡ ਅਤੇ ਯੂਪੀ ਵਿਚ ਮੁਸਲਮਾਨਾਂ ਦਾ ਸਰੇਆਮ ਕਤਲੇਆਮ ਕੀਤਾ ਗਿਆ। ਨਵੰਬਰ 1984, ਕਸ਼ਮੀਰ ਦੇ ਚਿਠੀਸਿੰਘਪੁਰਾ ਗੋਧਰਾ ਕਾਂਡ ਕਰਣ ਵਾਲਿਆਂ ਨੂੰ ਹਿੰਦੂ ਅੱਤਵਾਦੀ ਕਹਿਣਾ ਗਲਤ ਨਹੀਂ ਹੈ ਕਿਉਕਿ ਜਿਤਨਾ ਕਹਿਰ ਇੰਨ੍ਹਾ ਨੇ ਮਚਾਇਆ ਸੀ ਹੋਰ ਕਿਸੇ ਨੇ ਬੇਦੋਸ਼ਿਆਂ ਨਾਲ ਨਹੀਂ ਕੀਤਾ ਹੋਣਾ ਹੈ। ਜਦੋ ਬਿਲ ਕਲਿੰਟਨ ਭਾਰਤ ਆਇਆ ਤਦ ਕਸ਼ਮੀਰ ਵਿਚ 35 ਸਿੱਖਾਂ ਨੂੰ ਗੋਲੀਆਂ ਮਾਰ ਦਿਤੀਆਂ ਗਈਆਂ ਉਪਰੰਤ ਜਦੋ ਟਰੰਪ ਆਏ ਤਦ ਦਿੱਲੀ ਅੰਦਰ ਹਿੰਦੂ ਮੁਸਲਿਮ ਦੰਗੇ ਹੋ ਗਏ ਤੇ ਹੁਣ ਜੇ ਡੀ ਬੈੰਸ ਦੇ ਆਣ ਤੇ ਪਹਿਲਗਾਮ ਵਿਖ਼ੇ 28 ਬੇਗੁਨਾਹ ਕਤਲ ਕਰ ਦਿੱਤੇ ਗਏ।
ਇਹ ਸਭ ਕਿਸੇ ਉੱਚ ਵਿਦੇਸ਼ੀ ਸਖ਼ਸ਼ੀਅਤ ਦੇ ਭਾਰਤ ਆਣ ਤੇ ਜਾਂ ਫੇਰ ਕਿਸੇ ਰਾਜ ਅੰਦਰ ਚੋਣਾਂ ਹੋਣੀਆਂ ਹੁੰਦੀਆਂ ਹਨ ਤਦ ਹੀ ਇਸ ਦਾ ਦਰਦਨਾਕ ਹਾਦਸਾ ਵਾਪਰਦਾ ਹੈ ਜਿਸ ਨੂੰ ਤੱਤਕਾਲੀ ਸਰਕਾਰਾਂ ਆਪਣੇ ਹਕ਼ ਵਿਚ ਭੁਗਤਾਦੀਆਂ ਹਨ। ਦਿੱਲੀ ਅਤੇ ਹੋਰ ਰਾਜਾਂ ਅੰਦਰ ਕੀਤੇ ਗਏ 41 ਸਾਲ ਪਹਿਲਾਂ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਹਾਲੇ ਤਕ ਖੁਲੇਆਮ ਘੁੰਮ ਰਹੇ ਹਨ ਉਲਟਾ ਕੁਝ ਦੋਸ਼ੀਆਂ ਨੂੰ ਵਜ਼ੀਰੀਆਂ ਅਤੇ ਤਰੱਕੀਆਂ ਦਿਤੀਆਂ ਗਈਆਂ ਹਨ, ਜਦੋ ਦੋਸ਼ੀਆਂ ਤੇ ਨਕੇਲ ਕਸਣ ਦੀ ਥਾਂ ਤੇ ਤਰੱਕੀਆਂ ਦਿਤੀਆਂ ਜਾਣ ਅਦਾਲਤਾਂ ਅੰਦਰ ਕੇਸਾਂ ਨੂੰ ਲਮਕਾਇਆ ਜਾਏ, ਜਾਂਚ ਪੜਤਾਲ ਨੂੰ ਆਪਣੇ ਹਿੱਤਾਂ ਮੁਤਾਬਿਕ ਵਰਤੀ ਜਾਏ ਤਦ ਦੇਸ਼ ਅੰਦਰ ਇੰਨਸਾਫ ਦੀ ਉੱਮੀਦ ਕਿਦਾਂ ਕੀਤੀ ਜਾ ਸਕਦੀ ਹੈ।
ਇਸ ਮਸਲੇ ਉਪਰ ਦੇਸ਼ ਅੰਦਰ ਕੀਤੀ ਜਾ ਰਹੀ ਰਾਜਨੀਤੀ ਅਤੇ ਮੀਡੀਆ ਵਲੋਂ ਗਰਮਾ ਗਰਮ ਬੋਲੀ ਬੋਲਣ ਨਾਲ ਜਿਸ ਤਰ੍ਹਾਂ ਦੇਸ਼ ਅੰਦਰ ਮਾਹੌਲ ਬਣ ਰਿਹਾ ਹੈ ਕਦੇ ਵੀ ਕੁਝ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਇਹ ਜਰੂਰੀ ਬਣ ਗਿਆ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਵਿਦੇਸ਼ੀ ਏਜੰਸੀ ਕੋਲ ਇਸ ਦੀ ਠੋਸ ਜਾਂਚ ਪੜਤਾਲ ਕਰਵਾ ਕੇ ਇਸ ਪਿੱਛੇ ਕੌਣ ਕੌਣ ਹਨ ਨੂੰ ਸਾਹਮਣੇ ਲਿਆਂਦਾ ਜਾਏ। ਅੰਤ ਵਿਚ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਪਰੀਮ ਕੋਰਟ ਨੇ 1984 ਦੇ ਕਤਲੇਆਮ ਨੂੰ ‘ਗਲਤ ਢੰਗ ਨਾਲ ਨਜਿੱਠਣ’ ਦੇ ਦੋਸ਼ ਹੇਠ ਦਿੱਲੀ ਪੁਲਿਸ ਦੇ ਸਸਪੇੰਡ ਕੀਤੇ ਦੁਰਗਾ ਪ੍ਰਸਾਦ ਲਈ ਏਸੀਪੀ ਦਾ ਦਰਜਾ ਬਹਾਲ ਕਰਕੇ ਕਤਲੇਆਮ ਪੀੜੀਤਾਂ ਨੂੰ ਵਡੀ ਚੋਟ ਪਹੁੰਚਾਈ ਹੈ।