(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਰਾਮਗੜ੍ਹੀਆ ਬਰਾਦਰੀ ਵਲੋਂ ਜੱਥੇਦਾਰ ਜਸਾ ਸਿੰਘ ਰਾਮਗੜ੍ਹੀਆ ਦਾ 302 ਸਾਲਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਯੂਪੀਐਸਸੀ ਵਿਚ 162 ਵੀਂ ਰੈਂਕ ਤੇ ਆਉਣ ਵਾਲੇ ਅੰਗਦ ਸਿੰਘ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਰਾਮਗੜੀਆ ਬੈੰਕ ਦੇ ਚੇਅਰਮੈਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਦਸਿਆ ਕਿ ਮਹਾਰਾਜਾ ਜੱਸਾ ਸਿੰਘ ਦਾ ਜਨਮ 5 ਮਈ 1723 ਨੂੰ ਮਾਤਾ ਗੰਗੋ ਜੀ ਦੇ ਗ੍ਰਹਿ ਵਿਖੇ ਹੋਇਆ ਅਤੇ ਇਹ ਪੰਜ ਭਰਾ ਸਨ।
ਪਿਤਾ ਜੀ ਨੇ ਧਾਰਮਿਕ ਵਿਦਿਆ ਦੇ ਨਾਲੋ-ਨਾਲ ਆਪਣੇ ਪੁੱਤਰਾਂ ਨੂੰ ਸ਼ਸਤਰ ਵਿਦਿਆ ਵਿਚ ਵੀ ਨਿਪੁੰਨ ਕੀਤਾ। ਮਹਾਰਾਜਾ ਜੱਸਾ ਸਿੰਘ ਹੋਰਾਂ ਦਾ ਲੰਬਾ ਕੱਦ, ਚੌੜਾ ਮੱਥਾ ਤੇ ਦਰਸ਼ਨੀ ਸੂਰਤ ਸੀ। ਉਹ ਵੱਡੇ ਤੋਂ ਵੱਡੇ ਸੰਕਟ ਸਮੇਂ ਵੀ ਬਾਣੀ ਦੇ ਓਟ ਆਸਰੇ ਸਥਿਰ ਰਹਿੰਦੇ ਸਨ। ਮਹਾਰਾਜਾ ਜੱਸਾ ਸਿੰਘ ਨੇ ਆਪਣੀ ਪਹਿਲੀ ਲੜਾਈ 15 ਸਾਲ ਦੀ ਉਮਰ ਵਿਚ ਵਜ਼ੀਰਾਬਾਦ ਨੇੜੇ ਨਾਦਰ ਸ਼ਾਹ ਵਿਰੁੱਧ ਲੜੀ। ਇਸੇ ਲੜਾਈ ਵਿਚ ਪਿਤਾ ਗਿਆਨੀ ਭਗਵਾਨ ਸਿੰਘ ਸ਼ਹੀਦ ਹੋਏ।
ਉਹ ਲੜਾਈ ਨਾਦਰਸ਼ਾਹ ਦੇ ਸਿੱਖ ਕੌਮ ‘ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਬਦਲਾ ਲੈਣ ਲਈ ਸੀ। ਮੀਰ ਮੰਨੂ ਨੇ ਜਦੋਂ ਰਾਮ ਰੌਣੀ ‘ਤੇ ਹਮਲਾ ਕੀਤਾ ਤਾਂ ਜੱਸਾ ਸਿੰਘ ਨੇ ਉਸ ਨੂੰ ਹਰਾਇਆ। ਇਸ ਜਿੱਤ ਪਿੱਛੋਂ ਕਿਲ੍ਹੇ ਦਾ ਨਾਮ ਰੌਣੀ ਦੀ ਥਾਂ ‘ਰਾਮਗੜ੍ਹ’ ਰੱਖ ਦਿੱਤਾ ਗਿਆ। ਪੰਥ ਨੇ ਜੱਸਾ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਣਾ ਦਿੱਤਾ। ਮਹਾਰਾਜਾ ਜੱਸਾ ਸਿੰਘ ਹੋਰਾਂ ਬਟਾਲੇ ਦੇ ਸਾਰੇ ਇਲਾਕੇ ‘ਤੇ ਕਬਜ਼ਾ ਕਰ ਕੇ ਆਪਣੀ ਮਿਸਲ ਦਾ ਰਾਜ ਸਥਾਪਤ ਕਰ ਲਿਆ ਅਤੇ ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ। ਹੌਲੀ-ਹੌਲੀ ਕਾਂਗੜੇ ਤੀਕ ਸਾਰਾ ਪਹਾੜੀ ਇਲਾਕਾ ਵੀ ਉਨ੍ਹਆੰ ਦੇ ਰਾਜ ਦਾ ਹਿੱਸਾ ਬਣ ਗਿਆ।
ਇੰਝ ਰਾਮਗੜ੍ਹੀਆ ਰਿਆਸਤ ਰਾਵੀ ਤੇ ਬਿਆਸ ਵਿਚਕਾਰਲੇ ਸਾਰੇ ਇਲਾਕੇ ਦੀ ਮਾਲਕ ਬਣ ਗਈ। ਅਹਿਮਦ ਸ਼ਾਹ ਦੀ ਕੈਦ ‘ਚੋਂ ਵੱਡੀ ਗਿਣਤੀ ਲੜਕੀਆਂ ਬਚਾਉਣ ਵਾਲਾ ਵੀ ਇਹ ਹੀ ਜਰਨੈਲ ਸੀ। ਦਿੱਲੀ ਦੇ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਨੂੰ ਝੁਲਾਉਣ ਦਾ ਮਾਣ ਵੀ ਜੱਸਾ ਸਿੰਘ ਰਾਮਗੜ੍ਹੀਆ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਰਾਮਗੜ੍ਹੀਆ ਰਿਆਸਤ ਕਾਇਮ ਕੀਤੀ ਤੇ ਇਸ ਨੂੰ ਇਕ ਨਮੂਨੇ ਦਾ ਰਾਜ ਬਣਾਇਆ। ਉਨ੍ਹਾਂ ਦੇ ਰਾਜ ਵਿਚ ਪੂਰਨ ਅਮਨ-ਚੈਨ ਸੀ, ਵਸਤਾਂ ਸਸਤੀਆਂ ਸਨ ਅਤੇ ਪਰਜਾ ਹਰ ਪੱਖੋਂ ਸੁਖੀ ਸੀ।
ਜਿੱਥੇ ਉਹ ਬੁੱਧੀ, ਬਾਹੂਬਲ ਅਤੇ ਬੀਰਤਾ ਵਿਚ ਸਭ ਤੋਂ ਅੱਗੇ ਸਨ, ਉਥੇ ਨਿਮਰਤਾ ਅਤੇ ਦਿਆਲੂਪਣਾ ਵੀ ਉਨ੍ਹਾਂ ਦੇ ਜੀਵਨ ਦਾ ਅੰਗ ਸਨ। ਇਸ ਮੌਕੇ ਰਾਮਗੜ੍ਹੀਆ ਬੈੰਕ ਦੇ ਡਾਇਰੈਕਟਰ, ਮੈਂਬਰ, ਰਾਮਗੜ੍ਹੀਆ ਬੋਰਡ, ਟੀਮ ਆਰ.ਬੀ.ਡੀ, ਆਲ ਇੰਡੀਆ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਰਾਇਤ ਅਤੇ ਸ਼੍ਰੋਮਣੀ ਸਿੱਖ ਸੰਗਤ ਦੇ ਮੈਂਬਰ ਦੇ ਨਾਲ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ।