(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਅੱਜ ਜੋ 4 ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਗਿਆ ਹੈ, ਉਹ 104 ਸਾਲਾ ਪੁਰਾਣੀ ਪਾਰਟੀ ਦੇ ਇਤਿਹਾਸ ਨੂੰ ਖ਼ਤਮ ਕਰਨ ਵੱਲ ਸੇਧਤ ਫੈਸਲਾ ਹੈ।

ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਹਮੇਸ਼ਾ ਪੰਜਾਬ ਤੇ ਸਿੱਖ ਕੌਮ ਦੇ ਮੁੱਦਿਆਂ ਲਈ ਲੜਨ ਵਾਲੀ ਪਾਰਟੀ ਭਾਵੇਂ ਉਹ ਪੰਜਾਬ ਦੇ ਮੁੱਦੇ ਹੋਣ ਜਾਂ ਐਮਰਜੰਸੀ ਖਿਲਾਫ ਸੰਘਰਸ਼ ਹੋਵੇ ਹਮੇਸ਼ਾ 104 ਸਾਲ ਪੁਰਾਣੀ ਪਾਰਟੀ ਨੇ ਮੋਹਰੀ ਹੋ ਕੇ ਲੜਾਈ ਲੜੀ ਹੈ ਪਰ ਹੁਣ ਅਕਾਲੀ ਦਲ ਜ਼ਿਮਨੀ ਚੋਣਾਂ ਲੜਨ ਤੋਂ ਹੀ ਭੱਜ ਗਿਆ ਹੈ।

ਉਹਨਾਂ ਕਿਹਾ ਕਿ ਪਾਰਟੀ ਦਾ ਇਹ ਫੈਸਲਾ ਸਾਬਤ ਕਰਦਾ ਹੈ ਕਿ ਪਾਰਟੀ ਦਾ ਅਕਸ ਲਗਾਤਾਰ ਥੱਲੇ ਆ ਰਿਹਾ ਹੈ। ਉਹਨਾਂ ਕਿਹਾ ਕਿ ਜੋ ਪਾਰਟੀ ਕਦੇ ਕੌਮ ਤੇ ਦੇਸ਼ ਦੇ ਮੁੱਦਿਆਂ ’ਤੇ ਸੰਘਰਸ਼ ਕਰਦੀ ਸੀ ਅੱਜ ਉਹ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਵੀ ਲੜਨ ਤੋਂ ਭੱਜ ਗਈ ਹੈ ਤੇ ਇਸ ਤੋਂ ਵੱਡੀ ਗਿਰਾਵਟ ਹੋਰ ਕੋਈ ਨਹੀਂ ਆ ਸਕਦੀ।
ਉਹਨਾਂ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਪਾਰਟੀ ਵਿਚ ਐਮ ਪੀ ਹੋਣ ਤੇ ਐਮ ਐਲ ਏ ਵੀ ਹੋਣ ਅਤੇ ਉਹ ਚੋਣਾਂ ਲੜਨ ਤੋਂ ਭੱਜ ਜਾਵੇ, ਇਹ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਾਰੇ ਸਿਰਫ ਡੰਮੀ ਮੈਂਬਰ ਹਨ। ਉਹਨਾਂ ਕਿਹਾ ਕਿ ਪਾਰਟੀ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਉਹ ਕਿਸੇ ਲਾਇਕ ਵੀ ਨਹੀਂ ਹਨ ਕਿ ਜੋ ਚੋਣਾਂ ਲੜ ਸਕਣ।

ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਉਮੀਦਵਾਰ ਭਾਵੇਂ ਕੋਈ ਵੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਣੀ ਤੈਅ ਹੈ। ਉਹਨਾਂ ਕਿਹਾ ਕਿ ਇਹ ਵੀ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਦੇ 7 ਮੈਂਬਰੀ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰ ਕੇ ਚੋਣਾਂ ਵਾਸਤੇ ਤਰਲੇ ਕੱਢੇ। ਉਹਨਾਂ ਕਿਹਾ ਕਿ ਹੋਰ ਵੀ ਸ਼ਰਮਨਾਕ ਗੱਲ ਹੈ ਕਿ ਦਿੱਲੀ ਦੇ ਆਗੂ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ ਵੀ ਅੱਜ ਦੀ ਮੀਟਿੰਗ ਵਿਚ ਕੁਝ ਵੀ ਨਹੀਂ ਬੋਲ ਸਕੇ। ਉਹਨਾਂ ਕਿਹਾ ਕਿ ਪਾਰਟੀ ਦੇ ਇਸ ਫੈਸਲੇ ਨੂੰ ਲੈ ਕੇ ਵਰਕਰਾਂ ਵਿਚ ਬਹੁਤ ਵੱਡਾ ਰੋਸ ਹੈ ਜੋ ਆਉਂਦੇ ਦਿਨਾਂ ਵਿਚ ਸਾਹਮਣੇ ਆਵੇਗਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version