(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਸਰਸਵਤੀ ਵਿਹਾਰ ਮਾਮਲੇ ਵਿੱਚ ਕਾਂਗਰਸ ਨੇਤਾ ਸੱਜਣ ਕੁਮਾਰ ਦੀ ਸਜ਼ਾ ਬਾਰੇ ਫੈਸਲਾ ਅੱਜ ਰਾਊਸ ਐਵੇਨਿਊ ਅਦਾਲਤ ਵਿੱਚ ਵਕੀਲਾਂ ਦੀ ਹੜਤਾਲ ਹੋਣ ਕਰਕੇ ਨਹੀਂ ਹੋ ਸਕਿਆ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਜਦਕਿ ਸੱਜਣ ਕੁਮਾਰ ਰਹਿਮ ਦੀ ਅਪੀਲ ਕਰ ਰਿਹਾ ਹੈ।
ਜਿਕਰਯੋਗ ਹੈ ਕਿ ਬੀਤੀ 12 ਫਰਵਰੀ ਨੂੰ ਅਦਾਲਤ ਨੇ ਉਸਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਸੱਜਣ ਕੁਮਾਰ ਇਸ ਸਮੇਂ 1984 ਦੇ ਦਿੱਲੀ ਕੈਂਟ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਸਿੱਖ ਕਤਲੇਆਮ ਕੀਤੇ ਗਏ ਸਨ, ਸਿੱਖਾਂ ਦੀ ਜਾਇਦਾਦ ਸਾੜੀ, ਲੁੱਟੀ ਗਈ ਸੀ ਤੇ ਔਰਤਾਂ ਨਾਲ ਜਬਰਜਿਨਾਹ ਕੀਤਾ ਗਿਆ ਸੀ । ਇਸ ਸਮੇਂ ਦੌਰਾਨ, ਸੱਜਣ ਕੁਮਾਰ ਅਤੇ ਹੋਰ ਆਗੂਆਂ ‘ਤੇ ਆਮ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ।
ਅਦਾਲਤ ਅੰਦਰ ਸਰਕਾਰੀ ਵਕੀਲ ਨੇ ਨਿਰਭਯਾ ਕੇਸ ਅਤੇ ਇਸ ਤਰ੍ਹਾਂ ਦੇ ਹੋਰ ਫੈਸਲਿਆਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੱਜਣ ਕੁਮਾਰ ਦੇ ਸੀਨੀਅਰ ਵਕੀਲ ਨੇ ਵੀ ਲਿਖਤੀ ਦਲੀਲਾਂ ਦਾਇਰ ਕੀਤੀਆਂ ਹਨ। ਅਦਾਲਤ ਨੇ ਸਜ਼ਾ ਸੁਣਾਉਣ ਲਈ 21 ਫਰਵਰੀ ਦੀ ਤਰੀਕ ਨਿਰਧਾਰਤ ਕੀਤੀ ਹੈ।