ਮੌਜੂਦਾ ਹਾਲਤਾਂ ਲਈ ਜ਼ਿੰਮੇਵਾਰ ਕਾਰਕਾਂ ਤੇ ਕਾਰਨਾਂ ਦੀ ਕੀਤੀ ਜਾਏ ਪੜਚੋਲ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲੇ ਬੀਤੇ ਦਿਨੀਂ ਹੋਏ ਬਿਨਾ ਸ਼ੱਕ ਉਹਨਾਂ ਨੇ ਪੂਰੀ ਦੁਨੀਆ ਅੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਉਜਾਗਰ ਕੀਤਾ ਹੈ ਤੇ ਜਿਸ ਤਰ੍ਹਾਂ ਸ. ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅੱਗੇ ਸਿਰ ਝੁਕਾਇਆ ਹੈ ਉਸਨੇ ਵੀ ਕੁੱਲ ਦੁਨੀਆ ਅੱਗੇ ਛੇਵੇਂ ਪਾਤਸ਼ਾਹ ਦੇ ਸੱਚੇ ਤਖ਼ਤ ਪ੍ਰਤੀ ਸਿੱਖਾਂ ਦੀ ਸਮਰਪਿਤ ਭਾਵਨਾ ਨੂੰ ਪ੍ਰਗਟ ਵੀ ਕੀਤਾ ਹੈ।

ਪਰ ਜੋ ਸੇਵਾ ਨਿਭਾ ਰਹੇ ਸ. ਸੁਖਬੀਰ ਸਿੰਘ ਬਾਦਲ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹਮਲਾ ਹੋਇਆ ਉਹ ਅਤਿ ਨਿੰਦਣਯੋਗ ਤੇ ਹੈ ਹੀ ਪਰ ਇਸਦੇ ਨਾਲ ਹੀ ਜੇਕਰ ਇਸਨੂੰ ਡੂੰਘਾਈ ਨਾਲ ਦੇਖੀਏ ਤਾਂ ਇਹ ਹਮਲਾ ਕਿਤੇ ਨਾ ਕਿਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਰਤੀ ਗਈ ਸ਼ਬਦਾਵਲੀ , ਪਿਛਲੇ ਛੇ ਮਹੀਨੇ ਤੋਂ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਪਹਿਲੇ ਦਿਨ ਸੇਵਾ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸੁਰੱਖਿਆ ਕਰਮੀਆਂ ਦੀ ਨਫ਼ਰੀ ਘਟਾਉਣ ਵਾਲੇ ਬਿਆਨ ਤੋਂ ਬਾਅਦ ਮਿਲੇ ਮੌਕੇ ਦਾ ਸਬੱਬ ਵੀ ਹੋ ਸਕਦਾ ਹੈ।

ਉਨ੍ਹਾਂ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਰ ਭੁੱਲ ਆਪਣੀ ਝੋਲੀ ਪਵਾਉਣ ਤੋਂ ਬਾਅਦ ਵੀ ਇਹੋ ਜਿਹਾ ਕਾਰਾ ਹੋਣਾ ਸਾਡੇ ਸਾਰਿਆਂ ਲਈ ਵੀ ਆਤਮ ਚਿੰਤਨ ਕਰਨ ਦਾ ਸਬੱਬ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸੇਵਾ ਨਿਭਾ ਰਹੇ ਇੱਕ ਸਿੱਖ ਤੇ ਇਸ ਤਰ੍ਹਾਂ ਹਮਲਾ ਹੋਣਾ ਕੀ ਸਾਡੀਆਂ ਰਵਾਇਤਾਂ ਨੂੰ ਢਾਹ ਨਹੀਂ ਲਗਾ ਰਿਹਾ। ਮਿਸਲ ਕਾਲ ਵੇਲੇ ਆਪਸੀ ਵਖਰੇਵੇਂ ਹੋਣਾਂ ਆਮ ਗੱਲ ਸੀ ਪਰ ਜਦੋਂ ਸਾਰੀਆਂ ਮਿਸਲਾਂ ਤੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੁੰਦੇ ਸਨ ਤਾਂ ਕਦੇ ਵੀ ਇਕ ਦੂਜੇ ਵਿਰੁੱਧ ਹਥਿਆਰ ਨਹੀਂ ਸਨ ਚੁੱਕਦੇ। ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬ ਦਾ ਅਦਬ ਸੀ।

ਉਨ੍ਹਾਂ ਕਿਹਾ ਕਿ ਮੇਰੀ ਸਤਿਕਾਰਯੋਗ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਉਹਨਾਂ ਉੱਪਰ ਇਸ ਵੇਲੇ ਬਹੁਤ ਵੱਡੀ ਜਿੰਮੇਵਾਰੀ ਹੈ ਤੇ ਉਸਨੂੰ ਉਹ ਨਿਭਾ ਵੀ ਰਹੇ ਹਨ। ਪਰ ਜਦੋਂ ਇਸ ਤਰ੍ਹਾਂ ਸੇਵਾ ਨਿਭਾ ਰਹੇ ਸਿੱਖਾਂ ਤੇ ਗੁਰੂ ਦੇ ਦਰ ਤੇ ਹਮਲੇ ਹੋਣ ਤਾਂ ਇਹ ਸਾਡੇ ਸਾਰਿਆਂ ਲਈ ਸੋਚਣ ਦਾ ਵੇਲਾ ਹੈ ਕਿ ਇਹਨਾਂ ਹਾਲਤਾਂ ਲਈ ਜ਼ਿੰਮੇਵਾਰ ਕਾਰਕਾਂ ਤੇ ਕਾਰਨਾਂ ਦੀ ਪੜਚੋਲ ਕਰੀਏ ਤਾਂ ਜੋ ਅੱਗੇ ਵਾਸਤੇ ਇਹੋ ਜਿਹਾ ਭਾਣਾ ਨਾ ਵਾਪਰੇ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version