(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਕੌਮੀ ਰਾਜਧਾਨੀ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਸਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿੰਦੇ ਦੋ ਮੈਂਬਰ ਬੀਬੀ ਰਣਜੀਤ ਕੌਰ ਅਤੇ ਸਰਦਾਰ ਸੁਖਵਿੰਦਰ ਸਿੰਘ ਬੱਬਰ ਅੱਜ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਗਏ। ਇਹਨਾਂ ਮੈਂਬਰਾਂ ਨੂੰ ਪਾਰਟੀ ਵਿਚ ਜੀ ਆਇਆਂ ਕਹਿੰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ ਪਹਿਲਾਂ ਹੀ ਵੇਖ ਲਿਆ ਸੀ ਕਿ ਕਮੇਟੀ ਦੀ ਮੌਜੂਦਾ ਟੀਮ ਹੀ ਸੰਗਤ ਦੀ ਸਹੀ ਅਰਥਾਂ ਵਿਚ ਸੇਵਾ ਕਰ ਰਹੀ ਹੈ ਜਿਸਨੇ ਨਾ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਵਿਚ ਵਧੀਆ ਸਿਹਤ ਕੇਂਦਰ ਚਲਾਇਆ ਜਿਸ ਵਿਚ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਬਲਕਿ ਬਾਲਾ ਸਾਹਿਬ ਹਸਪਤਾਲ ਤੇ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਗੁਰੂ ਘਰਾਂ ਦੀ ਸੁਚੱਜੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਦਿੱਤੇ ਫਤਵੇ ਦੇ ਮੁਤਾਬਕ ਹੀ ਮੌਜੂਦਾ ਟੀਮ ਦਿੱਲੀ ਦੀ ਸੰਗਤ ਦੀ ਸੇਵਾ ਕਰਦਿਆਂ ਨਾ ਸਿਰਫ ਗੁਰਸਿੱਖੀ ਦਾਤ ਅਨੁਸਾਰ ਜੀਵਨ ਬਤੀਤ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਸਗੋਂ ਸਿੱਖੀ ਮੁਤਾਬਕ ਗੁਰੂ ਸਾਹਿਬਾਨ ਤੇ ਗੁਰਬਾਣੀ ਮੁਤਾਬਕ ਵੱਡੇ-ਵੱਡੇ ਦਿਨ ਤਿਓਹਾਰ ਵੀ ਵੱਡੇ ਪੱਧਰ ’ਤੇ ਮਨਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਸ ਤਰੀਕੇ ਮੌਜੂਦਾ ਟੀਮ ਨੇ ਸੰਗਤ ਅਤੇ ਖਾਸ ਤੌਰ ’ਤੇ ਨੌਜਵਾਨ ਤੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ, ਉਸ ਤੋਂ ਸਾਰੀ ਸੰਗਤ ਵਿਚ ਖੁਸ਼ੀ ਦੀ ਲਹਿਰ ਹੈ ਤੇ ਸੰਗਤ ਨੇ ਇਸ ਉਦਮ ਵਾਸਤੇ ਟੀਮ ਨੂੰ ਆਸ਼ੀਰਵਾਦ ਦੇ ਕੇ ਉਤਸ਼ਾਹਿਤ ਕਰਨ ਦਾ ਕੰਮ ਵੀ ਕੀਤਾ ਹੈ।
ਉਹਨਾਂ ਕਿਹਾ ਕਿ ਅੱਜ ਬੀਬੀ ਰਣਜੀਤ ਕੌਰ ਤੇ ਸਰਦਾਰ ਸੁਖਵਿੰਦਰ ਸਿੰਘ ਬੱਬਰ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਇਹਨਾਂ ਦੋਵਾਂ ਤਜ਼ਰਬੇਕਾਰ ਆਗੂਆਂ ਦੀ ਪਾਰਟੀ ਵਿਚ ਸ਼ਮੂਲੀਅਤ ਨਾਲ ਇਸਨੂੰ ਹੋਰ ਉਤਸ਼ਾਹ ਮਿਲਿਆ ਹੈ। ਉਹਨਾਂ ਨੇ ਦੋਵਾਂ ਕੱਦਾਵਰ ਆਗੂਆਂ ਦਾ ਇਸ ਫੈਸਲੇ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ’ਤੇ ਬੀਬੀ ਰਣਜੀਤ ਕੌਰ ਤੇ ਸਰਦਾਰ ਸੁਖਵਿੰਦਰ ਸਿੰਘ ਬੱਬਰ ਨੇ ਕਿਹਾ ਕਿ ਬੀਤੇ ਤਕਰੀਬਨ ਚਾਰ ਸਾਲਾਂ ਵਿਚ ਉਹਨਾਂ ਵੇਖਿਆ ਹੈ ਕਿ ਮੌਜੂਦਾ ਟੀਮ ਕਿਵੇਂ ਸਮਰਪਣ ਦੀ ਭਾਵਨਾ ਨਾਲ ਸੰਗਤ ਦੀ ਸੇਵਾ ਕਰ ਰਹੀ ਹੈ ਤੇ ਇਸੇ ਕਾਰਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਤਾਂ ਜੋ ਦਿੱਲੀ ਦੀ ਸੰਗਤ ਦੀ ਸੇਵਾ ਕਰ ਸਕਣ। ਇਸ ਮੌਕੇ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।