ਸਿੰਘ ਸਾਹਿਬਾਨ ਨੂੰ ਕੁਤਾਹੀਆਂ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਡਟੇ ਰਹਿਣ ਦੀ ਕੀਤੀ ਅਪੀਲ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)






































ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸੰਸਾਰ ਭਰ ਵਿਚ ਵਸਦੇ ਸਿੱਖਾਂ ਲਈ ਸਰਵਉੱਚ ਅਸਥਾਨ ਹੈ ਤੇ ਇਸਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ 24 ਘੰਟਿਆਂ ਅੰਦਰ 10 ਸਾਲਾਂ ਲਈ ਕੱਢਣ ਦਾ ਹੁਕਮ ਨਾ ਮੰਨ ਕੇ ਬੱਜਰ ਗੁਨਾਹ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਇਆ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੀ ਛੇਵੇਂ ਪਾਤਸ਼ਾਹ ਦੇ ਤਖਤ ਤੋਂ ਜਾਰੀ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੈ, ਜੋ ਬੇਹੱਦ ਨਿੰਦਣਯੋਗ ਗੱਲ ਹੈ।
ਉਹਨਾਂ ਕਿਹਾ ਕਿ ਇਸੇ ਲੀਡਰਸ਼ਿਪ ਨੇ ਬੀਤੇ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੁਆਉਣ ਸਮੇਤ ਹੋਰ ਵੱਡੇ ਗੁਨਾਹ ਕੀਤੇ ਹਨ। ਉਹਨਾਂ ਕਿਹਾ ਕਿ ਹੁਣ ਇਹ ਲੀਡਰਸ਼ਿਪ ਸਿੰਘ ਸਾਹਿਬਾਨ ਨੂੰ ਧਮਕੀਆਂ ਦੇ ਰਹੀ ਹੈ ਤੇ ਉਹਨਾਂ ਨਾਲ ਮਾੜਾ ਸਲੂਕ ਕਰ ਰਹੀ ਹੈ ਜੋ ਬਹੁਤ ਹੀ ਨਿੰਦਣਯੋਗ ਵਤੀਰਾ ਹੈ।
ਉਹਨਾਂ ਨੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਸਭ ਤੁਹਾਡੇ ਨਾਲ ਹਨ ਤੇ ਤੁਹਾਨੂੰ ਕਿਸੇ ਦੀ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਤੁਹਾਨੂੰ ਕੁਤਾਹੀਆਂ ਕਰਨ ਵਾਲਿਆਂ ਤੇ ਬਜਰ ਗਲਤੀਆਂ ਕਰਨ ਵਾਲਿਆਂ ਖਿਲਾਫ ਡੱਟ ਕੇ ਸਖ਼ਤ ਫੈਸਲੇ ਲੈਣੇ ਚਾਹੀਦੇ ਹਨ ਜੋ ਕੌਮ ਦੇ ਹਿੱਤ ਵਿਚ ਹੋਣਗੇ। ਉਹਨਾਂ ਕਿਹਾ ਕਿ ਸਮੁੱਚੀ ਕੌਮ ਤੁਹਾਡੇ ਨਾਲ ਹੈ, ਤੁਹਾਨੂੰ ਕਿਸੇ ਦੀ ਵੀ ਤਰੀਕੇ ਦਾ ਦਬਾਅ ਝਲਣ ਦੀ ਜ਼ਰੂਰਤ ਨਹੀਂ ਹੈ।