ਐਕਟ ਲਾਗੂ ਹੋਣ ਤੋਂ ਬਾਅਦ ਪੰਥ ਵਿਚ ਕੌਈ ਦੁਬਿਧਾ ਨਾ ਖੜੀ ਹੋ ਸਕੇ, ਸਿੱਖ ਪੰਥ ਨੂੰ ਭਰੋਸੇ ਵਿਚ ਲਿਆ ਜਾਣਾ ਬਹੁਤ ਜਰੂਰੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸੁਪਰੀਮ ਕੋਰਟ ਵਲੋਂ ਦੇਸ਼ ਦੇ ਸਮੂਹ ਰਾਜਾਂ ਨੂੰ ਚਾਰ ਮਹੀਨਿਆਂ ਅੰਦਰ ਆਨੰਦ ਮੈਰਿਜ ਐਕਟ ਲਾਗੂ ਕਰਣ ਦੇ ਫੈਸਲੇ ਉਪਰ ਖੁਸ਼ੀ ਜਤਾਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ, ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰਗਰਮ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਦੇਸ਼ ਅੰਦਰ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਣ ਦੀ ਸਿੱਖਾਂ ਦੀ ਲੰਮੇ ਸਮੇਂ ਦੀ ਮੰਗ ਦਾ ਪੂਰਾ ਹੋਣਾ ਇਕ ਵਡੀ ਪ੍ਰਾਪਤੀ ਹੈ ਤੇ ਅਸੀਂ ਇਸ ਲਈ ਅਦਾਲਤ ਦਾ ਧੰਨਵਾਦ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਆਨੰਦ ਮੈਰਿਜ ਐਕਟ ਲਾਗੂ ਕਰਣ ਸਮੇਂ ਸਿੱਖ ਬੁਧਜੀਵੀਆਂ ਦਾ ਇਕ ਪੈਨਲ ਬਣਾਇਆ ਜਾਏ ਜਿਸ ਤਹਿਤ ਇਸ ਐਕਟ ਨੂੰ ਸਿੱਖ ਰਹਿਤ ਮਰਿਆਦਾ ਤਹਿਤ ਬਣਾ ਕੇ ਲਾਗੂ ਕਰਵਾਇਆ ਜਾਏ । ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਰਹਿਣੀ ਬਹਿਣੀ ਵੱਖਰੀ ਹੋਣ ਕਰਕੇ ਐਕਟ ਨੂੰ ਲਾਗੂ ਹੋਣ ਤੋਂ ਬਾਅਦ ਵਿਚ ਕੌਈ ਦੁਬਿਧਾ ਨਾ ਖੜੀ ਹੋ ਸਕੇ ਇਸ ਲਈ ਇਸ ਮਾਮਲੇ ਵਿਚ ਸਿੱਖ ਪੰਥ ਨੂੰ ਭਰੋਸੇ ਵਿਚ ਲਿਆ ਜਾਣਾ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਅਨੰਦ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਹੁੰਦੇ ਹਨ ਇਸ ਲਈ ਇਹ ਐਕਟ ਸਿੱਖ ਰਹਿਤ ਮਰਿਆਦਾ ਦੀ ਤਰਜਮਾਨੀ ਕਰਦਾ ਹੋਣਾ ਚਾਹੀਦਾ ਹੈ ਤੇ ਇਸ ਲਈ ਇਸ ਪੈਨਲ ਵਿਚ ਸਿੱਖ ਬੁਧੀਜੀਵੀ, ਸਿੱਖ ਅਫ਼ਸਰਾਂ ਨੂੰ ਸ਼ਾਮਿਲ ਕਰਕੇ ਇਸ ਨੂੰ ਬਨਾਣ ਲਈ ਪਹਿਲ ਕਰਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜਲਦ ਹੀ ਗ੍ਰਿਹ ਮੰਤਰਾਲੇ ਅਤੇ ਸੰਬੰਧਿਤ ਵਿਭਾਗਾਂ ਨੂੰ ਇਕ ਪੱਤਰ ਭੇਜਣ ਦਾ ਉਪਰਾਲਾ ਕੀਤਾ ਜਾਏਗਾ।