(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਤਹਿਤ ਕਲਿਆਣਪੁਰੀ ਦੇ ਰਹਿਣ ਵਾਲੇ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਭਰੋਸਾ ਦੁਆਇਆ ਹੈ ਕਿ ਮਾਮਲੇ ਵਿਚ ਪੂਰਾ ਇਨਸਾਫ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸਰਦਾਰ ਭੁਪਿੰਦਰ ਸਿੰਘ ਭੁੱਲਰ ਚੇਅਰਮੈਨ ਪ੍ਰਾਜੈਕਟ ਇੰਚਾਰਜ ਮੈਡੀਕਲ ਸੇਵਾਵਾਂ ਗੁਰਦੁਆਰਾ ਬੰਗਲਾ ਸਾਹਿਬ ਨੇ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਭੁੱਲਰ ਨੇ ਦੱਸਿਆ ਕਿ 9 ਅਪ੍ਰੈਲ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਕਲਿਆਣਪੁਰੀ ਦੇ ਰਹਿਣ ਵਾਲੇ ਰਾਜੂ ਸਿੰਘ ਦੇ ਕੇਸ ਕਤਲ ਕਰ ਦਿੱਤੇ ਗਏ ਸਨ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਨਾਲ ਦਿੱਲੀ ਕਮੇਟੀ ਇਸ ਮਾਮਲੇ ਵਿਚ ਐਫ ਆਈ ਆਰ ਦਰਜ ਕਰਵਾਉਣ ਵਿਚ ਸਫਲ ਰਹੀ ਹੈ ਤੇ ਥਾਣਾ ਸ਼ਕਰਪੁਰ ਵਿਚ ਐਫ ਆਈ ਆਰ ਦਰਜ ਹੋ ਗਈ ਹੈ।

ਸਰਦਾਰ ਭੁੱਲਰ ਨੇ ਦੱਸਿਆ ਕਿ ਐਫ ਆਈ ਆਰ ਦੀ ਕਾਪੀ ਉਹਨਾਂ ਨੂੰ ਮਿਲ ਗਈ ਹੈ ਜਿਸ ਵਾਸਤੇ ਉਹ ਡੀ ਸੀ ਪੀ ਈਸਟ ਸ੍ਰੀ ਅਭਿਸ਼ੇਕ ਧਾਨੀਆ, ਐਸ ਐਚ ਓ ਕਮਲਜੀਤ ਕੌਰ ਅਤੇ ਸਬ ਇੰਸਪੈਸਟਰ ਸਤੀਸ਼ ਕੁਮਾਰ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਦੁਆਇਆ ਗਿਆ ਹੈ ਕਿ ਇੰਸਪੈਕਟਰ ਲੈਵਲ ਦੀ ਟੀਮ ਬਣਾ ਕੇ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਇਸ ਦੌਰਾਨ ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ ਇਸ ਮਾਮਲੇ ਵਿਚ ਪੂਰਾ ਇਨਸਾਫ ਲੈ ਕੇ ਅਸੀਂ ਰਹਾਂਗੇ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version