(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਕੱਲ੍ਹ ਜੋ ਬੇਹੱਦ ਮੰਦਭਾਗੀ ਘਟਨਾ ਉਤਰਾਖੰਡ ਦੇ ਸ਼ਹਿਰ ਰਿਸ਼ੀਕੇਸ਼ ਵਿੱਚ ਵਾਪਰੀ ਹੈ । ਜਿਸ ਤਰ੍ਹਾਂ ਇਕ ਸਿੱਖ ਦੀ ਪੱਗ ਉਤਾਰੀ ਗਈ ਤੇ ਦੁਕਾਨ ਦੀ ਭੰਨ ਤੋੜ ਕੀਤੀ ਗਈ । ਉਹ ਬਹੁਤ ਖਤਰਨਾਕ ਗੱਲ ਹੈ। ਇਹ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੈ।
ਇਸਤੋਂ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਜਿਸ ਇਲਾਕੇ ਵਿੱਚ ਕੁਦਰਤੀ ਆਫ਼ਤ ਆਉਣ ਵੇਲੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ । ਹਰ ਲੋੜਵੰਦ ਦੀ ਬਾਂਹ ਫੜ੍ਹੀ ਤੇ ਉਸੇ ਸ਼ਹਿਰ ਵਿੱਚ ਅੱਜ ਸਿੱਖਾਂ ਦੀਆਂ ਪੱਗਾਂ ਲਾਹੀਆਂ ਜਾ ਰਹੀਆਂ ਹਨ ਤੇ ਉਹਨਾਂ ਤੇ ਹਮਲੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਿੱਖਾਂ ਦੇ ਜਾਨ ਮਾਨ ਦੀ ਰੱਖਿਆ ਦੀ ਜਿੰਮੇਵਾਰੀ ਉਤਰਾਖੰਡ ਸਰਕਾਰ ਦੀ ਬਣਦੀ ਹੈ। ਇਸ ਲਈ ਸੂਬਾ ਸਰਕਾਰ ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਅੱਗੇ ਵਾਸਤੇ ਇਹੋ ਜਿਹੀ ਕੋਈ ਵੀ ਘਟਨਾ ਨਾ ਵਾਪਰੇ। ਕਿਉਂਕਿ ਇਹ ਘਟਨਾਵਾਂ ਸਮੁੱਚੇ ਦੇਸ਼ ਲਈ ਖਤਰਨਾਕ ਹਨ। ਇਸਦੇ ਨਾਲ ਹੀ ਸੂਬਾ ਸਰਕਾਰ ਪੀੜਤ ਸਿੱਖ ਨੂੰ ਸੌ ਫੀਸਦੀ ਮੁਆਵਜ਼ਾ ਦੇਵੇ।