(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਅਕਾਲ ਤਖ਼ਤ ਦੇ ਨਿਧੜਕ ਜਥੇਦਾਰ ਵਜੋਂ ਜਾਣੇ ਜਾਂਦੇ ਅਕਾਲੀ ਬਾਬਾ ਫੂਲਾ ਸਿੰਘ ਦੇ 202 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਵਿਖ਼ੇ ਮਿੱਤੀ 23 ਮਾਰਚ ਨੂੰ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।
ਇਸ ਬਾਰੇ ਗੱਲਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰੂਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸਿੱਖ ਪੰਥ ਦਾ ਇਤਿਹਾਸ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਯੋਧਿਆਂ ਨਾਲ ਭਰਿਆ ਪਿਆ ਹੈ, ਅਕਾਲੀ ਫੂਲਾ ਸਿੰਘ ਦਾ ਸਾਰਾ ਜੀਵਨ ਖਾਲਸਾ ਰਾਜ ਅਤੇ ਸਿੱਖ ਪੰਥ ਦੀ ਸਲਾਮਤੀ ਨੂੰ ਸਮਰਪਿਤ ਸੀ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਸ਼ਬਦ ਗੁਰੂ, ਸਿੱਖ ਇਤਿਹਾਸ, ਸਿੱਖ ਸਾਹਿਤਕ ਕਿਰਤਾਂ ਨੂੰ ਆਪਣਾ ਮਾਰਗ-ਦਰਸ਼ਕ ਬਣਾਉਣ ਅਤੇ ਗੁਰੂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਸਖ਼ਤ ਲੋੜ ਹੈ। ਉਨ੍ਹਾਂ ਦਸਿਆ ਕਿ 22 ਮਾਰਚ ਨੂੰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੋਣਗੇ ਉਪਰੰਤ ਸੰਧਿਆਂ ਵੇਲੇ ਸੋਦਰ ਦੇ ਪਾਠ ਉਪਰੰਤ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਜੱਥੇ ਭਾਈ ਕਵਨੀਤ ਸਿੰਘ, ਕਥਾਵਾਚਕ ਗਿਆਨੀ ਸੁਰਿੰਦਰ ਸਿੰਘ ਜੀ ਸਮਰਾਟ ਬੁੱਢਾ ਦਲ, ਕਵੀਸ਼ਰੀ ਜੱਥਾ ਭਾਈ ਸੁਖਬੀਰ ਸਿੰਘ ਜੀ ਗੁਰੂ ਨਾਨਕ ਦਲ ਅਤੇ ਭਾਈ ਬਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਹਾਜ਼ਿਰੀ ਭਰਨਗੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ।
ਉਨ੍ਹਾਂ ਸੰਗਤਾਂ ਨੂੰ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਗੁਰਬਾਣੀ, ਕਵੀਸ਼ਰੀ ਅਤੇ ਕਥਾ ਵਿਚਾਰਾਂ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਇਹ ਪ੍ਰੋਗਰਾਮ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸ਼ੋਕ ਨਗਰ, ਤਿਲਕ ਨਗਰ ਅਤੇ ਜੱਥਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਰਜਿ. (ਦਿੱਲੀ) ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।