ਮਨਪ੍ਰੀਤ ਸਿੰਘ ਖਾਲਸਾ.

ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਿੱਚ ਗੁਰੂ ਦੀ ਗੋਲਕ ਨਾਲ ਜੁੜੇ ਕਥਿਤ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅਯੋਧਿਆ ਰਾਮ ਮੰਦਰ ਟਰੱਸਟ ਨਾਲ ਜੁੜੇ ਕਥਿਤ ਵਿੱਤੀ ਗੜਬੜੀ ਦੇ ਮਾਮਲੇ ਦੀ ਐਸਆਈਟੀ ਜਾਂਚ ਹੋ ਸਕਦੀ ਹੈ ਤਾਂ ਡੀਐਸਜੀਐਮਸੀ ਦੇ ਮਾਮਲੇ ਦੀ ਵੀ ਉਸੇ ਮਾਪਦੰਡ ਅਧੀਨ ਜਾਂਚ ਹੋਣੀ ਚਾਹੀਦੀ ਹੈ। ਓਨ੍ਹਾ ਨੇ ਕਿਹਾ, ਜੇ ਅਯੋਧਿਆ ਮਾਮਲੇ ਦੀ ਐਸਆਈਟੀ ਜਾਂਚ ਹੋ ਸਕਦੀ ਹੈ ਤਾਂ ਡੀਐਸਜੀਐਮਸੀ ਦੀ ਕਿਉਂ ਨਹੀਂ.? ਡੀਐਸਜੀਐਮਸੀ ਦੇ ‘ਚੰਪਤ ਰਾਏ’ ਕੌਣ ਹਨ.? ਸਾਨੂੰ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਅਯੋਧਿਆ ਵਾਲਾ ਚੰਪਤ ਰਾਏ ਵੀ ਦਿੱਲੀ ਵਿੱਚ ਗੁਰੂ ਦੀ ਗੋਲਕ ਲੁੱਟਣ ਵਾਲਿਆਂ ਕੋਲੋਂ ਹੀ ਸਿਖਲਾਈ ਲੈ ਕੇ ਗਿਆ ਹੋਵੇ।

ਉਨ੍ਹਾਂ ਨੇ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ “ਡੀ-ਫੈਕਟੋ ਮੁਖੀ” ਮੰਨੇ ਜਾਂਦੇ ਮਨਜਿੰਦਰ ਸਿੰਘ ਸਿਰਸਾ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਉਹ ਸੰਗਤ ਦੀਆਂ ਭੇਟਾਵਾਂ ਦੇ ਪ੍ਰਬੰਧ ਅਤੇ ਹਿਸਾਬ-ਕਿਤਾਬ ਬਾਰੇ ਉੱਠ ਰਹੇ ਗੰਭੀਰ ਸਵਾਲਾਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ ਹਨ। ਸ. ਸਰਨਾ ਨੇ ਕਿਹਾ, ਗੁਰੂ ਦੀ ਗੋਲਕ ਸੰਗਤ ਦੀ ਅਮਾਨਤ ਹੈ, ਨਾ ਕਿ ਕਾਲਕਾ ਜਾਂ ਸਿਰਸਾ ਦੀ ਜਾਇਦਾਦ। ਇਸ ਨਾਲ ਸੰਬੰਧਿਤ ਹਰ ਦੋਸ਼ ਦੀ ਨਿਰਪੱਖ ਅਤੇ ਸੁਤੰਤਰ ਐਸਆਈਟੀ ਰਾਹੀਂ ਜਾਂਚ ਹੋਣੀ ਚਾਹੀਦੀ ਹੈ। ਜੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ, ਤਾਂ ਉਨ੍ਹਾਂ ਨੂੰ ਜਾਂਚ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਨਾਲ ਸੰਬੰਧਿਤ ਰਿਕਾਰਡ, ਨਕਦੀ ਦੇ ਲੈਣ-ਦੇਣ ਅਤੇ ਲੇਖਾ ਪ੍ਰਣਾਲੀ ਦੀ ਪੂਰੀ ਅਤੇ ਨਿਰਪੱਖ ਜਾਂਚ ਹੀ ਡੀਐਸਜੀਐਮਸੀ ਦੀ ਕਾਰਗੁਜ਼ਾਰੀ ਪ੍ਰਤੀ ਸਿੱਖ ਸੰਗਤ ਦਾ ਭਰੋਸਾ ਮੁੜ ਬਹਾਲ ਕਰ ਸਕਦੀ ਹੈ।

Share.
© 2026 (ਫਤਿਹ ਲਾਈਵ) FatehLive.com. Designed by Forever Infotech.
Exit mobile version