(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦਿੱਲੀ ਦੀ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੀਰਤਨਾਂ ਵਿੱਚ ਲਗਣ ਵਾਲੇ ਖਾਣ ਪੀਣ ਦੇ ਸਟਾਲਾਂ ਦੀ ਗਿਣਤੀ ਘਟਾ ਕੇ ਆਪਣੀ ਦਸਵੰਧ ਦੀ ਰਕਮ ਨੂੰ ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ‘ਤੇ ਖਰਚ ਕਰਨ। ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ‘‘ਵਿਦਿਆ ਵਿਚਾਰੀ ਤੇ ਪਰੋਪਕਾਰੀ’’ ਦਾ ਸੰਦੇਸ਼ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਕੌਮ ਦੇ ਉਹਨਾਂ ਪਰਿਵਾਰਾਂ ਦੀ ਮਦਦ ਕਰੀਏ ਜੋ ਆਪਣੇ ਬੱਚਿਆਂ ਨੂੰ ਪੜ੍ਹਾਈ ਤਾਂ ਕਰਵਾਉਣਾ ਚਾਹੁੰਦੇ ਹਨ, ਪਰ ਸਮੇਂ ਦੀ ਮਜਬੂਰੀ ਕਾਰਨ ਚੰਗੀ ਸਿੱਖਿਆ ਦੇਣ ਵਿੱਚ ਅਸਮਰਥ ਹਨ। ਇਸ ਲਈ ਹਰ ਸਿੱਖ ਨੂੰ ਅੱਗੇ ਆ ਕੇ ਆਪਣੀ ਦਸਵੰਧ ਨੂੰ ਹੋਰ ਕੰਮਾਂ ‘ਤੇ ਖਰਚ ਕਰਨ ਦੀ ਬਜਾਏ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਲਵਾਉਣ ਲਈ ਉਦਮ ਕਰਨ ਚਾਹੀਦੇ ਹਨ।
ਸਰਦਾਰ ਕਰਮਸਰ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ, ਨਗਰ ਕੀਰਤਨ ਦਿੱਲੀ ਦੇ ਵੱਖ-ਵੱਖ ਹਿੱਸਿਆ ਵਿੱਚ ਕੱਢੇ ਜਾਣਗੇ ਅਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ‘ਤੇ ਹੋਣ ਵਾਲੇ ਖਰਚ ਵਿੱਚ ਕਮੀ ਕਰਕੇ ਬੱਚਿਆਂ ਦੀ ਸਿੱਖਿਆ ‘ਤੇ ਖਰਚ ਕੀਤਾ ਜਾਏ, ਕਿਉਂਕਿ ਇਕ ਗੁਰਸਿੱਖ ਬੱਚਾ ਖੁਦ ਪੜ੍ਹ-ਲਿਖ ਕੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਸਿੱਖ ਕੌਮ ਦੀ ਆਵਾਜ਼ ਬਣ ਕੇ ਉੱਚ ਪਦਾਂ ‘ਤੇ ਬੈਠੇਗਾ, ਉਥੇ ਹੋਰ ਐਸੇ ਬੱਚਿਆਂ ਦੀ ਮਦਦ ਵੀ ਕਰੇਗਾ। ਨਗਰ ਕੀਰਤਨਾਂ ਵਿੱਚ ਲੋਕ ਸਟਾਲਾਂ ਉੱਤੇ ਖਾਂਦੇ ਹਨ ਅਤੇ ਅਗਲੇ ਦਿਨ ਭੁੱਲ ਜਾਂਦੇ ਹਨ, ਪਰ ਜੇ ਅਸੀਂ ਬੱਚਿਆਂ ਦੀ ਸਿੱਖਿਆ ‘ਤੇ ਧਿਆਨ ਦਿਆਂਗੇ ਤਾਂ ਨਿਸ਼ਚਿਤ ਤੌਰ ‘ਤੇ ਕੌਮ ਤਰੱਕੀ ਦੀ ਰਾਹ ‘ਤੇ ਅੱਗੇ ਵਧੇਗੀ।