(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਇੰਗਲੈਂਡ ਦੀ ਸਿੱਖ ਜਥੇਬੰਦੀ ਸਿੱਖ ਯੂਥ ਯੂ. ਕੇ. ਦੇ ਸਰਗਰਮ ਆਗੂ ਸ: ਦੀਪਾ ਸਿੰਘ ਦੇ ਹਵਾਲੇ ਨਾਲ ਮੀਡੀਆ ਵਿੱਚ ਸਿੱਖ ਬੱਚੀਆਂ ਨੂੰ ਵਰਗਲਾਉਣ, ਸੋਸ਼ਣ ਕਰਨ ਅਤੇ ਧਾਰਮਿਕ ਕੱਟੜਵਾਦ ਦੇ ਮਨੋਰਥ ਲਈ ਤਿਆਰ ਕਰਨ ਬਾਰੇ ਛਪੀ ਖਬਰ ਗੰਭੀਰ ਚਿੰਤਨ ਦੀ ਮੰਗ ਕਰਦੀ ਹੈ। ਉਨ੍ਹਾ ਵੱਲੋਂ ਕੀਤੇ ਇਸ ਦਾਅਵੇ ਕਿ ਮਹਿਜ ਦੋ ਹਫਤਿਆਂ ਵਿੱਚ ਉਨ੍ਹਾਂ ਕੋਲ ਦੱਸ ਕੇਸਾਂ ਦੀ ਰਿਪੋਰਟ ਦਰਜ ਹੋਈ ਹੈ ਬਹੁਤ ਦੁਖਦਾਇਕ ਤੇ ਪ੍ਰੇਸ਼ਾਨ ਕਰਨ ਵਾਲਾ ਹੈ। ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਬੂਤਾਂ ਸਹਿਤ ਜਿੰਮੇਵਾਰ ਸਰਕਾਰੀ ਅਦਾਰਿਆਂ ਨੂੰ ਸੰਪਰਕ ਕਰਨ।
ਇਸ ਸਬੰਧੀ ਉਹ ਸਮੂਹ ਪੰਥਕ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੀ ਮੀਟਿੰਗ ਬੁਲਾਉਣ ਅਤੇ ਸਾਰੇ ਸਬੂਤਾਂ ਦੇ ਮੱਦੇਨਜ਼ਰ ਸਾਂਝੀ ਭਵਿੱਖਤ ਰਣਨੀਤੀ ਉਲੀਕੀ ਜਾਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜਰ ਪਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅੱਗੇ ਕਿਹਾ ਕਿ ਪਾਰਟੀ ਦੇ ਸਕੱਤਰ ਸ: ਜਸਵਿੰਦਰ ਸਿੰਘ ਰਾਏ ਨੇ ਸਿੱਖ ਰਿਕਵਰੀ ਨੈੱਟਵਰਕ ਨਾਮ ਦੀ ਸੰਸਥਾ ਸਥਾਪਤ ਕੀਤੀ ਹੋਈ ਹੈ ਜਿਸ ਰਾਹੀਂ ਭਾਈਚਾਰੇ ਵਿੱਚ ਫੈਲੀ ਹੋਈ ਨਸ਼ਿਆਂ ਆਦਿਕ ਦੀ ਸਮੱਸਿਆ ਲਈ ਯੋਗ ਹੱਲ ਕੀਤੇ ਜਾਂਦੇ ਹਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਇਸੇ ਪ੍ਰਕਾਰ ਹਰ ਕੌਮੀ ਕਾਰਜ ਵਿੱਚ ਪ੍ਰਸਪਰ ਅਦਾਨ ਪ੍ਰਦਾਨ ਕਰਨ ਲਈ ਵਚਨਬੱਧ ਹੈ।ਸਮਾਜ ਵਿੱਚ ਅਨੇਕਾਂ ਧਰਮਾਂ, ਨਸਲਾਂ, ਫਿਰਕਿਆਂ ਦੇ ਲੋਕ ਵਿਚਰਦੇ ਹਨ ਹਰ ਕਿਸੇ ਦਾ ਫਰਜ਼ ਬਣਦਾ ਹੈ ਕਿ ਸਭ ਦੇ ਨਿੱਜੀ ਜੀਵਨ, ਉਸ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਅਤੇ ਉਸ ਦੀ ਵਿਚਾਰਧਾਰਾ ਆਦਿਕ ਦੇ ਨੈਤਿਕ ਅਧਿਕਾਰਾਂ ਦਾ ਸਤਿਕਾਰ ਦੀ ਕਦਰ ਕੀਤੀ ਜਾਵੇ ਤਾਂ ਹੀ ਅਸੀਂ ਪ੍ਰਸਪਰ ਦੂਸਰਿਆਂ ਤੋਂ ਅਜਿਹੀ ਉਮੀਦ ਕਰ ਸਕਦੇ ਹਾਂ।