ਮਨਪ੍ਰੀਤ ਸਿੰਘ ਖਾਲਸਾ।
ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਕੋਈ ਬੀਤੀ ਹੋਈ ਕਹਾਣੀ ਨਹੀਂ, ਇਹ ਅੱਜ ਵੀ ਸਾਡੀ ਜ਼ਮੀਰ ਦੇ ਦਰਵਾਜ਼ੇ ’ਤੇ ਦਸਤਕ ਦੇ ਰਹੀ ਇੱਕ ਜਿਉਂਦੀ ਪੁਕਾਰ ਹੈ। ਜਦੋਂ ਪੰਜਾਬ ਵਿੱਚ ਹਜ਼ਾਰਾਂ ਪਰਿਵਾਰ ਆਪਣੇ ਪੁੱਤਰਾਂ, ਭਰਾਵਾਂ ਅਤੇ ਪਤੀਆਂ ਦੀ ਉਡੀਕ ਵਿੱਚ ਦਰਵਾਜ਼ਿਆਂ ਵੱਲ ਤੱਕ ਰਹੇ ਸਨ, ਤਦੋਂ ਖਾਲੜਾ ਸਾਹਿਬ ਨੇ ਉਹਨਾਂ ਗੁੰਮਨਾਮ ਚਿਹਰਿਆਂ ਦਾ ਸੱਚ ਦੁਨੀਆ ਸਾਹਮਣੇ ਲਿਆਉਣ ਦਾ ਬੀੜਾ ਚੁੱਕਿਆ। ਉਨ੍ਹਾਂ ਨੂੰ ਪਤਾ ਸੀ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਵਰਤੀ ਜਾ ਸਕਦੀ ਹੈ, ਪਰ ਉਨ੍ਹਾਂ ਨੇ ਆਪਣੀ ਜ਼ਮੀਰ ਨੂੰ ਸਰਕਾਰ ਦੇ ਡਰ ਅੱਗੇ ਝੁਕਣ ਨਹੀਂ ਦਿੱਤਾ। ਆਖ਼ਰ ਉਨ੍ਹਾਂ ਨੂੰ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ, ਪਰ ਜਿਸ ਸੱਚ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਦੀ ਜਾਨ ਲਈ ਗਈ, ਉਹ ਸੱਚ ਉਨ੍ਹਾਂ ਦੇ ਜਾਣ ਮਗਰੋਂ ਹੋਰ ਉੱਚੀ ਆਵਾਜ਼ ਵਿੱਚ ਬੋਲਣ ਲੱਗ ਪਿਆ।
ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਦੀਆਂ ਪੰਥਕ ਜੱਥੇਬੰਦੀਆਂ ਬੱਬਰ ਖਾਲਸਾ ਜਰਮਨੀ ਤੋਂ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਦਲ ਖਾਲਸਾ ਇੰਟਰਨੈਸਨਲ ਜਰਮਨੀ ਤੋਂ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਤੋਂ ਭਾਈ ਹੀਰਾ ਸਿੰਘ ਮੱਤੇਵਾਲ, ਸਿੱਖ ਫੈਡਰੇਸ਼ਨ ਇੰਟਰਨੈਸਨਲ ਜਰਮਨੀ ਤੋਂ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਖਾਲੜਾ ਸਾਹਿਬ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਹੱਕ ਦੀ ਲੜਾਈ ਸਿਰਫ਼ ਆਪਣੇ ਲਈ ਨਹੀਂ ਲੜੀ ਜਾਂਦੀ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਪੀੜਤ ਕੌਣ ਹੈ, ਉਸ ਦਾ ਧਰਮ ਕੀ ਹੈ ਜਾਂ ਉਸ ਦਾ ਰਾਜਨੀਤਕ ਪੱਖ ਕੀ ਹੈ—ਉਨ੍ਹਾਂ ਨੇ ਸਿਰਫ਼ ਇਹ ਵੇਖਿਆ ਕਿ ਇਨਸਾਫ਼ ਕਿੱਥੇ ਖੜ੍ਹਾ ਹੈ। ਇਹੀ ਉਹ ਬਿੰਦੂ ਹੈ ਜਿੱਥੇ ਸ਼ਹਾਦਤ ਸਿਰਫ਼ ਮੌਤ ਨਹੀਂ ਰਹਿੰਦੀ, ਸਗੋਂ ਜ਼ਮੀਰ ਦਾ ਇਮਤਿਹਾਨ ਬਣ ਜਾਂਦੀ ਹੈ। ਅੱਜ ਸਾਡੇ ਕੋਲ ਬੋਲਣ ਲਈ ਮੰਚ ਹਨ, ਲਿਖਣ ਲਈ ਕਲਮਾਂ ਹਨ ਅਤੇ ਸੱਚ ਕਹਿਣ ਲਈ ਅਨੇਕਾਂ ਰਸਤੇ ਹਨ, ਫਿਰ ਵੀ ਜੇ ਅਸੀਂ ਅਨਿਆਂ ਦੇਖ ਕੇ ਚੁੱਪ ਰਹੀਏ ਤਾਂ ਖਾਲੜਾ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਨਾ ਸਿਰਫ਼ ਰਸਮ ਬਣ ਕੇ ਰਹਿ ਜਾਂਦਾ ਹੈ।
ਸਮੂਹ ਬੁਲਾਰਿਆਂ ਨੇ ਕਿਹਾ ਉਨ੍ਹਾਂ ਦੀ ਸ਼ਹਾਦਤ ਸਾਨੂੰ ਝੰਝੋੜ ਕੇ ਪੁੱਛਦੀ ਹੈ—ਕੀ ਸਾਡੀ ਜ਼ਮੀਰ ਅਜੇ ਵੀ ਜਿਉਂਦੀ ਹੈ? ਕੀ ਅਸੀਂ ਸੱਚ ਦੇ ਨਾਲ ਉਸ ਵੇਲੇ ਵੀ ਖੜ੍ਹਾਂਗੇ ਜਦੋਂ ਸੱਚ ਬੋਲਣਾ ਸਾਨੂੰ ਇਕੱਲਾ ਕਰ ਦੇਵੇ? ਕੀ ਅਸੀਂ ਪੀੜਤ ਦੀ ਆਵਾਜ਼ ਉਸ ਵੇਲੇ ਵੀ ਬਣਾਂਗੇ ਜਦੋਂ ਉਸ ਲਈ ਬੋਲਣ ਦੀ ਕੋਈ ਕੀਮਤ ਚੁਕਾਉਣੀ ਪਵੇ? ਖਾਲੜਾ ਸਾਹਿਬ ਨੇ ਆਪਣੀ ਜਾਨ ਦੇ ਕੇ ਦੱਸ ਦਿੱਤਾ ਕਿ ਸੱਚ ਦੀ ਕੀਮਤ ਹੁੰਦੀ ਹੈ, ਪਰ ਸੱਚ ਤੋਂ ਮੂੰਹ ਮੋੜਨ ਦੀ ਕੀਮਤ ਉਸ ਤੋਂ ਵੀ ਵੱਡੀ ਹੁੰਦੀ ਹੈ। ਉਨ੍ਹਾਂ ਦਾ ਸਰੀਰ ਮਿਟਾਇਆ ਜਾ ਸਕਦਾ ਸੀ, ਪਰ ਉਨ੍ਹਾਂ ਦੀ ਜ਼ਮੀਰ ਨਹੀਂ, ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਸੀ, ਪਰ ਉਨ੍ਹਾਂ ਵੱਲੋਂ ਜਗਾਈ ਇਨਸਾਫ਼ ਦੀ ਚਿੰਗਾਰੀ ਨੂੰ ਨਹੀਂ। ਅੱਜ ਲੋੜ ਹੈ ਕਿ ਅਸੀਂ ਖਾਲੜਾ ਸਾਹਿਬ ਨੂੰ ਸਿਰਫ਼ ਯਾਦ ਨਾ ਕਰੀਏ—ਉਨ੍ਹਾਂ ਦੀ ਨਿਡਰਤਾ, ਸੱਚਾਈ ਅਤੇ ਇਨਸਾਫ਼ ਪ੍ਰਤੀ ਵਚਨਬੱਧਤਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਇਹੀ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸਲਾਮੀ ਹੋਵੇਗੀ।
ਅੰਤ ਵਿਚ ਓਨ੍ਹਾ ਖਾਲਿਸਤਾਨ ਦੀ ਸਥਾਪਨਾ ਲਈ ਚੱਲ ਰਹੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਦੇ ਪ੍ਰਸਤਾਵਿਤ ਆਜ਼ਾਦ ਮੁਲਕ ਖਾਲਿਸਤਾਨ ਵਿੱਚ ਅਣਪਛਾਤੇ ਕਰਕੇ ਮਾਰੇ ਜਾਣ, ਪੁਲਿਸੀ ਜ਼ੁਲਮ ਅਤੇ ਬੇਇਨਸਾਫ਼ੀ ਲਈ ਕੋਈ ਥਾਂ ਨਹੀਂ ਹੋਵੇਗੀ। ਓਨ੍ਹਾ ਹਰ ਧਰਮ ਤੇ ਵਰਗ ਨੂੰ ਅਮਨ, ਬਰਾਬਰੀ ਅਤੇ ਆਜ਼ਾਦੀ ਨਾਲ ਜੀਣ ਦੇ ਹੱਕ ਦਾ ਭਰੋਸਾ ਦਿੰਦਿਆਂ ਖਾਲਿਸਤਾਨ ਦੀ ਸਥਾਪਤੀ ਲਈ ਚਲ ਰਹੇ ਮੌਜੂਦਾ ਸੰਘਰਸ਼ ਨੂੰ ਆਪਣੀ ਵਿਥ ਅਨੁਸਾਰ ਆਪੋ ਆਪਣੇ ਢੰਗ ਨਾਲ ਮਜ਼ਬੂਤ ਕਰਨ ਦਾ ਸੱਦਾ ਦਿੱਤਾ ।


































