(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


























ਇੰਡੋ ਕੈਨੇਡੀਅਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਸਲੀਪਰ ਬਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸਦੀ ਪਹਿਲੀ ਯਾਤਰਾ ਦੌਰਾਨ ਦਿੱਲੀ ਬਾਰਡਰ ‘ਤੇ ਬੇਲਾਮਾਊਂਟ ਹੋਟਲ ਦੇ ਮਾਲਕ ਡਾ. ਗੁਰਮੀਤ ਸਿੰਘ ਤੇ ਮਨਦੀਪ ਸਿੰਘ ਵੱਲੋਂ ਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ‘ਤੇ ਹਜ਼ੂਰ ਸਾਹਿਬ ਬੋਰਡ ਦੇ ਪ੍ਰਸ਼ਾਸਕ ਡਾ. ਵਿਜੈ ਸਤਬੀਰ ਸਿੰਘ, ਸਲਾਹਕਾਰ ਜਸਵੰਤ ਸਿੰਘ ਬੋਬੀ, ਇੰਡੋ ਕੈਨੇਡੀਅਨ ਦੇ ਸੀਈਓ ਐਸ.ਐਸ. ਕੋਹਲੀ, ਅਤੇ ਪਟਨਾ ਸਾਹਿਬ ਬੋਰਡ ਦੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਹਾਜ਼ਰ ਹੋਏ ਅਤੇ ਸੰਗਤ ਦਾ ਸਵਾਗਤ ਕੀਤਾ।ਡਾ. ਵਿਜੈ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੋਬੀ ਨੇ ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਵਿਖੇ ਮਜ਼ਬੂਤ ਪ੍ਰਬੰਧਾਂ ਦਾ ਭਰੋਸਾ ਦਿੱਤਾ, ਜਦਕਿ ਡਾ. ਗੁਰਮੀਤ ਸਿੰਘ ਨੇ ਹਰ ਰੋਜ਼ ਇਸ ਸਥਾਨ ‘ਤੇ ਲੰਗਰ ਦੀ ਵਿਵਸਥਾ ਕਰਨ ਦੀ ਗੱਲ ਕੀਤੀ।
ਤੁਹਾਨੂੰ ਦੱਸ ਦਈਏ ਕਿ ਇਹ ਸੇਵਾ ਇੰਡੋ ਕੈਨੇਡੀਅਨ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਹਰ ਰੋਜ਼ ਇੱਕ ਬਸ ਅੰਮ੍ਰਿਤਸਰ ਤੋਂ ਤੇ ਦੂਜੀ ਹਜ਼ੂਰ ਸਾਹਿਬ ਤੋਂ ਚਲਾਈ ਜਾਵੇਗੀ ਜੋ ਲਗਭਗ 36 ਘੰਟਿਆਂ ਦਾ ਸਫ਼ਰ ਕਰਕੇ ਆਪਣੇ ਗੰਟਵਯ ਸਥਾਨ ‘ਤੇ ਪਹੁੰਚੇਗੀ। ਬਸ ਵਿਚ ਯਾਤਰਾ ਦੌਰਾਨ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ ਅਤੇ ਸਿਰਫ 4000 ਰੁਪਏ ਵਿਚ ਸੰਗਤ ਨੂੰ ਇਹ ਸੇਵਾ ਦਿੱਤੀ ਜਾ ਰਹੀ ਹੈ।
ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਇੰਡੋ ਕੈਨੇਡੀਅਨ ਕੋਲੋਂ ਮੰਗ ਕੀਤੀ ਗਈ ਹੈ ਕਿ ਇਹ ਬਸ ਤਖ਼ਤ ਪਟਨਾ ਸਾਹਿਬ ਲਈ ਵੀ ਚਲਾਈ ਜਾਵੇ, ਜਿਸ ਉੱਤੇ ਉਨ੍ਹਾਂ ਨੇ ਜਲਦ ਵਿਚਾਰ ਕਰਕੇ ਇਹ ਸੇਵਾ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਬਸ ਦੀ ਸ਼ੁਰੂਆਤ ਨਾਲ ਸੰਗਤ ਨੂੰ ਕਾਫੀ ਸੁਵਿਧਾ ਮਿਲੇਗੀ ਕਿਉਂਕਿ ਹਵਾਈ ਟਿਕਟਾਂ ਮਹਿੰਗੀਆਂ ਹੋਣ ਤੇ ਰੇਲ ਟਿਕਟ ਨਾ ਮਿਲਣ ਕਰਕੇ ਕਈ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ, ਉਹਨਾਂ ਲਈ ਇਹ ਸੇਵਾ ਬਹੁਤ ਲਾਭਦਾਇਕ ਹੋਵੇਗੀ।