(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ।

ਇਸ ਮੌਕੇ ਗਿਆਨੀ ਬਲਜੀਤ ਸਿੰਘ ਨੇ ਸੰਗਤ ਨਾਲ ਸ਼ਹੀਦ ਭਾਈ ਮਨੀ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਂਦਿਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਸਿੱਖ ਕੌਮ ਦੀ ਉਹ ਸ਼ਖ਼ਸੀਅਤ ਹਨ, ਜਿਨ੍ਹਾਂ ਦੇ ਪਰਿਵਾਰ ਵਿੱਚੋਂ ਕਈ ਸ਼ਹਾਦਤਾਂ ਹੋਈਆਂ। ਭਾਈ ਮਨੀ ਸਿੰਘ ਜੀ ਨੇ ਧਰਮ ’ਤੇ ਅਡੋਲ ਰਹਿੰਦਿਆਂ ਬੰਦ-ਬੰਦ ਕਟਵਾ ਕੇ ਸਿੱਖੀ ਸਿਦਕ ਦੀ ਮਿਸਾਲ ਕਾਇਮ ਕੀਤੀ। ਇਸ ਦੌਰਾਨ ਸਜਾਏ ਗਏ ਧਾਰਮਿਕ ਦੀਵਾਨ ’ਚ ਪ੍ਰਚਾਰਕ ਭਾਈ ਤਰਸੇਮ ਸਿੰਘ ਤੇ ਢਾਡੀ ਭਾਈ ਹਰਪ੍ਰੀਤ ਸਿੰਘ ਜੇਠੂਵਾਲ ਦੇ ਜਥੇ ਨੇ ਸੰਗਤ ਨੂੰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ ਤੇ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਬਿਕਰਮਜੀਤ ਸਿੰਘ ਝੰਗੀ, ਸ. ਯੁਵਰਾਜ ਸਿੰਘ ਅਤੇ ਸੰਗਤਾਂ ਹਾਜ਼ਰ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version