(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਬੀਤੇ ਇਕ ਦਿਨ ਪਹਿਲਾਂ ਖਾਲਸਾ ਕਾਲਜ ਅੰਦਰ ਚੋਣ ਦੇ ਨਾਮਜਦਗੀ ਕਾਗਜ ਦਾਖਿਲ ਕਰਣ ਜਾ ਰਹੇ ਪਵਿਤ ਸਿੰਘ ਨਾਲ ਕੀਤੀ ਗਈ ਕੁੱਟਮਾਰ ਅਤੇ ਦਸਤਾਰ ਲਾਹੁਣ ਨਾਲ ਸਿੱਖ ਪੰਥ ਅੰਦਰ ਵੱਡਾ ਰੋਸ ਫੈਲਿਆ ਹੋਇਆ ਹੈ । ਅਜ ਸਿੱਖ ਜਥੇਬੰਦਿਆਂ ਵਲੋਂ ਕਾਲਜ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਗਈ ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿੱਖਾਂ ਦੇ ਕਾਲਜ ਅੰਦਰ ਬਾਹਰ ਤੋਂ ਬੰਦੇ ਆਕੇ ਦਖਲਅੰਦਾਜ਼ੀ ਕਰਣ ਸਿੱਖ ਨੌਜੁਆਨਾਂ ਨਾਲ ਕੁੱਟਮਾਰ ਕਰਣ ਉਨ੍ਹਾਂ ਦੀਆਂ ਦਸਤਾਰਾਂ ਲਾਹਣ, ਸਾਡੀਆਂ ਬੱਚੀਆਂ ਵਲ ਅੱਖਾਂ ਚੁੱਕਣ ਤੇ ਅਸੀਂ ਜੁਆਬ ਨਾ ਦੇ ਸਕੀਏ ਚੁੱਪ ਕਰਕੇ ਕੌਮ ਦੀ ਪਗ ਲਹਿੰਦੀ ਦੇਖਦੇ ਰਹੀਏ । ਇਸ ਤੋਂ ਵੱਧ ਸਾਡੇ ਲਈ ਨਮੋਸ਼ੀਜਨਕ ਹੋਰ ਕੁਝ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਜੱਥੇਦਾਰ ਸੰਤੋਖ ਸਿੰਘ ਸਮੇਂ ਇਕ ਵਾਰਦਾਤ ਹੋਈ ਸੀ ਤੇ ਪਿਤਾ ਜੀ ਬਸ ਭਰ ਕੇ ਲੈ ਕੇ ਗਏ ਸਨ ਤੇ ਦੋਸ਼ੀਆਂ ਦੀ ਬਣਦੀ ਸੇਵਾ ਕਰਕੇ ਆਏ ਸੀ । ਅਜ ਸਾਡੇ ਅੰਦਰ ਓਹ ਜੁਰਤ ਕਿਉਂ ਨਹੀਂ ਰਹੀ ਕਿ ਅਸੀਂ ਜੁਆਬ ਦੇਣ ਤੋਂ ਪਿੱਛੇ ਹਟ ਰਹੇ ਹਾਂ ਤੇ ਪੰਥ ਦਾ ਨੁਕਸਾਨ ਕਰਵਾਣ ਵਿਚ ਲਗੇ ਹਾਂ । ਉਨ੍ਹਾਂ ਕਿਹਾ ਕਿ ਇਹ ਸਾਡੇ ਕਾਲਜ ਦੀ ਵਡੀ ਬੇਇੱਜਤੀ ਹੈ ਕਿ ਸਿੱਖਾਂ ਦੇ ਕਾਲਜ ਅੰਦਰ ਬਚੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਬਚੇ ਚੋਣ ਲਈ ਫਾਰਮ ਨਹੀਂ ਭਰ ਸਕੇ ਤੇ ਜਿਨ੍ਹਾਂ ਦੇ ਫਾਰਮ ਫਾੜ ਦਿੱਤੇ ਗਏ ਹਨ ਇਸ ਕਰਕੇ ਇੰਨ੍ਹਾ ਚੋਣਾਂ ਨੂੰ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।

ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਨੂੰ ਪਸਚਾਤਾਪ ਕਰਣ ਲਈ ਅਖੰਡ ਪਾਠ ਸਾਹਿਬ ਰੱਖਵਾਣ ਲਈ ਕਿਹਾ ਹੈ। ਇਸ ਮੌਕੇ ਬੀਬੀ ਰਣਜੀਤ ਕੌਰ, ਮਨਜੀਤ ਸਿੰਘ ਸਰਨਾ, ਤਜਿੰਦਰ ਸਿੰਘ ਗੋਪਾ, ਜਤਿੰਦਰ ਸਿੰਘ ਸੋਨੂੰ, ਸੁਖਵਿੰਦਰ ਸਿੰਘ ਬੱਬਰ ਸਮੇਤ ਵਡੀ ਗਿਣਤੀ ਅੰਦਰ ਸਿੱਖ ਸੰਗਤਾਂ ਹਾਜਿਰ ਸਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version