ਰਵਿੰਦਰ ਸਿੰਘ ਬਣੇ ਪ੍ਰਧਾਨ ਅਤੇ ਰਵਿੰਦਰਪਾਲ ਸਿੰਘ ਅੰਕੇਖਕ, ਮਨੀਫਿਟ ਵਿੱਚ ਸਰਬਸੰਮਤੀ ਨਾਲ ਚੋਣ ਸੰਪੰਨ
ਟਾਟਾ ਕਾਰਖਾਨੇ ਦੀ ਸਥਾਪਨਾ ਸਮੇਂ ਪੰਜਾਬ ਤੋਂ ਆਏ ਸਿੱਖਾਂ ਨੇ ਗੁਰਮਤਿ ਦੀ ਰੱਖਿਆ ਲਈ ਬਣਾਈ ਸੀ ਧਰਮ ਪ੍ਰਚਾਰ ਸਭਾ
ਫਤਿਹ ਲਾਈਵ, ਰਿਪੋਰਟਰ.
ਝਾਰਖੰਡ ਦੇ ਨਾਲ ਓਡੀਸ਼ਾ, ਬਿਹਾਰ ਅਤੇ ਪੱਛਮੀ ਬੰਗਾਲ ਦੇ ਸਿੱਖਾਂ ਵਿੱਚ ਧਰਮ ਦਾ ਪ੍ਰਚਾਰ ਕਰਨ ਵਾਲੀ ਜਮਸ਼ੇਦਪੁਰ ਅਕਾਲੀ ਦਲ (ਧਰਮ ਪ੍ਰਚਾਰ ਕਮੇਟੀ) ਨੂੰ ਆਪਣਾ ਕਾਰਜ ਨਿਭਾਉਂਦੇ ਹੋਏ ਲਗਭਗ ੧੦੮ ਸਾਲ ਪੂਰੇ ਹੋ ਗਏ ਹਨ। ਮੰਗਲਵਾਰ ਨੂੰ ਅਕਾਲੀ ਦਲ ਦੀ ਚੋਣ ਟੇਲਕੋ ਮਨੀਫਿਟ ਸਥਿਤ ਦਫ਼ਤਰ ਵਿੱਚ ਸੰਪੰਨ ਹੋਈ। ਚੋਣ ਕਰਵਾਉਣ ਲਈ ਮੌਕੇ ਦੇ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਨੂੰ ਬਣਾਇਆ ਗਿਆ ਸੀ।
ਉਨ੍ਹਾਂ ਦੀ ਦੇਖਰੇਖ ਹੇਠ ਰਵਿੰਦਰ ਸਿੰਘ ਖਾਲਸਾ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ, ਜਦਕਿ ਅੰਕੇਖਕ ਦੇ ਅਹੁਦੇ ਲਈ ਰਵਿੰਦਰਪਾਲ ਸਿੰਘ ਦੇ ਨਾਮ ’ਤੇ ਸਹਿਮਤੀ ਬਣੀ। ਨਵੀਂ ਕਮੇਟੀ ਦਾ ਕਾਰਜਕਾਲ 2026 ਤੋਂ 2029 ਤੱਕ ਹੋਵੇਗਾ। ਨਵੇਂ ਪ੍ਰਧਾਨ ਦਾ ਨਾਮ ਸੁਖਦੇਵ ਸਿੰਘ ਵੱਲੋਂ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਗੁਰਮਤਿ ਪ੍ਰਚਾਰ ਦੇ ਕੰਮਾਂ ਨੂੰ ਹੋਰ ਗਤੀ ਦੇਣਗੇ।
1918 ਵਿੱਚ ਰੱਖੀ ਗਈ ਸੀ ਸਭਾ ਦੀ ਨੀਂਹ
ਅਕਾਲੀ ਦਲ ਦੇ ਜਥੇਦਾਰ ਗਿਆਨੀ ਜਰਨੈਲ ਸਿੰਘ ਨੇ ਸੰਸਥਾ ਦੇ ਗਠਨਕਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1907 ਤੋਂ 1910 ਦੇ ਵਿਚਕਾਰ ਜਦੋਂ ਟਾਟਾ ਸਟੀਲ ਕਾਰਖਾਨੇ ਦੀ ਇੱਥੇ ਸਥਾਪਨਾ ਹੋ ਰਹੀ ਸੀ, ਉਸ ਵੇਲੇ ਪੰਜਾਬ ਤੋਂ ਨੌਕਰੀ ਲਈ ਸਿੱਖ ਵੀ ਇੱਥੇ ਆ ਰਹੇ ਸਨ। ਉਸੇ ਦੌਰਾਨ 1918 ਵਿੱਚ ਪੁਰਾਣੇ ਬਜ਼ੁਰਗਾਂ ਨੇ ਧਰਮ ਪ੍ਰਚਾਰ ਸਭਾ ਦਾ ਗਠਨ ਕੀਤਾ ਸੀ।
ਸੰਤ ਸਿੰਘ ਬਿੰਦਰਾ ਨੇ ਇਸ ਦੀ ਸਥਾਪਨਾ ਕੀਤੀ ਸੀ, ਜੋ ਬਾਅਦ ਵਿੱਚ ਪੰਜਾਬ ਮੋਰਚੇ ਨਾਲ ਵੀ ਜੁੜੇ। ਕਾਰਖਾਨੇ ਵਿੱਚ ਕਠਿਨ ਮਿਹਨਤ ਕਰਨ ਤੋਂ ਬਾਅਦ ਸਿੱਖ ਇਕੱਠੇ ਹੁੰਦੇ ਅਤੇ ਨਾਮ ਸਿਮਰਨ ਅਤੇ ਗੁਰਬਾਣੀ ਦਾ ਪਾਠ ਕਰਦੇ ਸਨ। 1960 ਤੋਂ ਬਾਅਦ ਸਮੇਂ ਦੇ ਨਾਲ ਇਸ ਦਾ ਨਾਮ ਅਕਾਲੀ ਦਲ ਸਿੰਘਭੂਮ ਰੱਖਿਆ ਗਿਆ ਅਤੇ ਫਿਰ ਅੱਗੇ ਚੱਲ ਕੇ ਜਮਸ਼ੇਦਪੁਰ ਅਕਾਲੀ ਦਲ ਹੋ ਗਿਆ।
ਜਰਨੈਲ ਸਿੰਘ ਦੇ ਮੁਤਾਬਕ ਜਦੋਂ ਉਹ 70 ਦੇ ਦਹਾਕੇ ਵਿੱਚ ਅਕਾਲੀ ਦਲ ਨਾਲ ਜੁੜੇ, ਉਸ ਵੇਲੇ ਕੀਤਾਡੀਹ ਦੇ ਭਗਤ ਅਮੋਲਕ ਸਿੰਘ ਅਤੇ ਕਦਮਾ ਦੇ ਅਮੋਲਕ ਸਿੰਘ ਪੁਰਾਣੇ ਬਜ਼ੁਰਗ ਸਨ। ਸਾਕਚੀ ਬਾਜ਼ਾਰ ਵਿੱਚ ਪੰਜਾਬ ਬੈਲਟ ਦੀ ਮਸ਼ਹੂਰ ਦੁਕਾਨ ਦੇ ਸੰਚਾਲਕ ਹਰਪਾਲ ਸਿੰਘ ਵੀ ਸੰਸਥਾ ਵਿੱਚ ਆਪਣਾ ਯੋਗਦਾਨ ਦਿੰਦੇ ਸਨ ਅਤੇ ਧਰਮ ਪ੍ਰਚਾਰ ਦੇ ਕੰਮਾਂ ਨੂੰ ਨਿਭਾਉਂਦੇ ਸਨ। ਰਾਮਕਿਸ਼ਨ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕੀ ਅਕਾਲੀ ਦਲ ਦਾ ਹੈਡ ਆਫਿਸ ਟੇਲਕੋ ਗੁਰੂਦਵਾਰਾ ਸਾਹਿਬ ਵਿੱਖੇ ਹੈ, ਜੋ ਕੀ ਜੋਗਿੰਦਰ ਸਿੰਘ ਪਹਿਲਵਾਨ ਦੇ ਸਹਿਯੋਗ ਨਾਲ ਤੈਯਾਰ ਕੀਤਾ ਗਿਆ ਹੈ।
ਹੁਣ ਤੱਕ ਦੇ ਪ੍ਰਮੁੱਖ ਪ੍ਰਧਾਨਾਂ ’ਤੇ ਇੱਕ ਨਜ਼ਰ
ਬਸੰਤ ਸਿੰਘ ਬਿੰਦਰਾ, ਦਿਲੀਪ ਸਿੰਘ (ਮਾਨਗੋ), ਬਹਾਦੁਰ ਸਿੰਘ ਭੱਟੀ, ਅਮੋਲਕ ਸਿੰਘ (ਕਦਮਾ), ਭਗਤ ਅਮੋਲਕ ਸਿੰਘ (ਕੀਤਾਡੀਹ), ਬਿਸ਼ਨ ਸਿੰਘ, ਜੋਗਿੰਦਰ ਸਿੰਘ ਮਾਨਾਵਾਲ (10 ਨੰਬਰ ਬਸਤੀ), ਗੁਰਦੇਵ ਸਿੰਘ, ਜਰਨੈਲ ਸਿੰਘ (1992 ਤੋਂ 1996), ਰਾਮਕਿਸ਼ਨ ਸਿੰਘ (1996 ਤੋਂ 2000), ਰਵਿੰਦਰ ਸਿੰਘ (2006 ਤੋਂ 2007), ਰਾਮਕਿਸ਼ਨ ਸਿੰਘ (2007 ਤੋਂ 2013), ਗੁਰਦੀਪ ਸਿੰਘ (2013 ਤੋਂ 2020), ਸੁਖਦੇਵ ਸਿੰਘ (2020 ਤੋਂ 2026)।
ਕੀ ਹੈ ਅਕਾਲੀ ਦਲ ਦੀ ਭੂਮਿਕਾ
ਸੰਸਥਾ ਵੱਲੋਂ ਝਾਰਖੰਡ ਦੇ ਨਾਲ ਬਿਹਾਰ, ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਸਿੱਖਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਂਦਾ ਹੈ। ਨਗਰ ਕੀਰਤਨ ਦੀ ਸੇਵਾ ਸੰਭਾਲ ਮਰਯਾਦਾ ਅਨੁਸਾਰ ਕੀਤੀ ਜਾਂਦੀ ਹੈ। ਸਾਲ 2008 ਵਿੱਚ ਸੰਸਥਾ ਦਾ ਸੰਬੰਧ ਐਸਜੀਪੀਸੀ ਨਾਲ ਹੋ ਗਿਆ, ਜਿਸ ਤੋਂ ਬਾਅਦ ਇਨ੍ਹਾਂ ਤਿੰਨ ਰਾਜਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਿਆਂ ਨੂੰ ਦੇਣ ਅਤੇ ਬਿਰਧ ਸਰੂਪਾਂ ਨੂੰ ਐਸਜੀਪੀਸੀ ਤੱਕ ਪਹੁੰਚਾਉਣ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਐਸਜੀਪੀਸੀ ਤੋਂ ਪ੍ਰਾਪਤ ਮੁਫ਼ਤ ਧਾਰਮਿਕ ਸਾਹਿਤ ਗੁਰਦੁਆਰਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਅੰਮ੍ਰਿਤ ਸੰਚਾਰ ਦੌਰਾਨ ਲੋੜਵੰਦਾਂ ਨੂੰ ਪੰਜ ਕਕਾਰ ਨਿਸ਼ੁਲਕ ਉਪਲਬਧ ਕਰਵਾਏ ਜਾਂਦੇ ਹਨ।
ਮੀਟਿੰਗ ਤੇ ਇਹ ਰਹੇ ਸ਼ਾਮਿਲ
ਜਥੇਦਾਰ ਭਾਈ ਜਰਨੈਲ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਰਾਮ ਕ੍ਰਿਸ਼ਨ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਅਜੀਤ ਸਿੰਘ,ਭਾਈ ਪ੍ਰਿਤਪਾਲ ਸਿੰਘ, ਭਾਈ ਅੰਮ੍ਰਿਤ ਪਾਲ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਜੱਸਾ ਸਿੰਘ, ਭਾਈ ਜਸਬੀਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ।

