(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਜੋ ਕਿਸਾਨ ਵਰਗ ਸਮੁੱਚੇ ਮੁਲਕ ਨਿਵਾਸੀਆਂ ਲਈ ਆਪਣੀ ਕਰੜੀ ਮਿਹਨਤ, ਸੱਪਾਂ ਦੀਆਂ ਸਿਰੀਆ ਮਿੱਧਕੇ ਸਰਦੀ-ਗਰਮੀ ਵਿਚ ਕੰਮ ਕਰਕੇ ਢਿੱਡ ਭਰਦਾ ਹੈ, ਜਿਸ ਨੂੰ ਲਾਲ ਬਹਾਦਰ ਸਾਸਤਰੀ ਨੇ ਕੌਮਾਂਤਰੀ ਪੱਧਰ ਦਾ ਸਤਿਕਾਰ ਮਾਣ ਦਿੰਦੇ ਹੋਏ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ, ਉਸ ਨੂੰ ਹੁਣੇ ਨਵੀ ਬਣੀ ਬੀਜੇਪੀ ਪਾਰਟੀ ਦੀ ਐਮ.ਪੀ ਕੰਗਣਾ ਰਣੌਤ ਵੱਲੋ ਇਹ ਕਹਿਣਾ ਕਿ ਕਿਸਾਨ ਅੰਦੋਲਨ ਸਮੇ ਕਿਸਾਨ ਬੀਬੀਆਂ ਨਾਲ ਬਲਾਤਕਾਰ ਕਰਦੇ ਰਹੇ ਹਨ। ਜੇਕਰ ਬੀਜੇਪੀ ਦੀ ਸਰਕਾਰ ਨਾ ਹੁੰਦੀ ਤਾਂ ਇਥੇ ਵੀ ਬੰਗਲਾਦੇਸ ਬਣ ਜਾਣਾ ਸੀ।

ਇਨ੍ਹਾਂ ਨਿਰਆਧਾਰ ਗੱਲਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਇਹ ਬੀਬੀ ਕਦੀ ਕਿਸਾਨ ਵਰਗ ਨੂੰ, ਕਦੀ ਸਿੱਖਾਂ ਨੂੰ, ਕਦੀ ਪੰਜਾਬੀਆਂ ਉਤੇ ਬਿਨ੍ਹਾਂ ਤੱਥਾਂ ਤੋ ਨਿਰੰਤਰ ਦੋਸ਼ ਲਗਾਉਦੀ ਆ ਰਹੀ ਹੈ । ਇਹ ਹੋਰ ਵੀ ਵੱਡੇ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਹਕੂਮਤ ਕਰ ਰਹੀ ਬੀਜੇਪੀ ਪਾਰਟੀ ਵੱਲੋ ਇਸ ਬੀਬੀ ਦੀ ਜੁਬਾਨ ਨੂੰ ਲਗਾਮ ਲਗਾਉਣ ਲਈ ਅਤੇ ਇਸ ਵਿਰੁੱਧ ਅਨੁਸਾਸਨੀ ਕਾਰਵਾਈ ਨਾ ਕਰਕੇ, ਮੁਲਕ ਵਿਚ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਉਤਸਾਹਿਤ ਹੀ ਕਰ ਰਹੇ ਹਨ।

ਜਦੋਕਿ ਕਿਸਾਨ ਅੰਦੋਲਨ ਸਮੇ ਨਾ ਤਾਂ ਕਿਸੇ ਮੀਡੀਏ ਵਿਚ, ਨਾ ਅਖਬਾਰਾਂ ਵਿਚ ਕੋਈ ਕਿਸਾਨਾਂ ਵੱਲੋ ਬਲਾਤਕਾਰ ਦੀ ਗੱਲ ਪ੍ਰਕਾਸਿਤ ਹੋਈ ਹੈ ਅਤੇ ਨਾ ਹੀ ਮੁਲਕ ਵਿਚ ਕਿਤੇ ਇਸ ਵਿਸੇ ਤੇ ਕੋਈ ਐਫ.ਆਈ.ਆਰ ਦਰਜ ਹੋਈ ਹੈ । ਫਿਰ ਇਹ ਬੀਬੀ ਕਿਸਾਨ ਵਰਗ ਉਤੇ ਕਿਸ ਦਲੀਲ ਤੇ ਸੱਚ ਉਤੇ ਦੋਸ਼ ਲਗਾ ਰਹੀ ਹੈ ? ਅਸੀ ਤਾਂ ਇਸ ਬੀਬੀ ਦੇ ਦਿਮਾਗ ਵਿਚ ਪੰਜਾਬੀਆਂ, ਸਿੱਖਾਂ ਅਤੇ ਕਿਸਾਨ ਵਰਗ ਪ੍ਰਤੀ ਭਰੀ ਬੇਫਜੂਲ ਨਫਰਤ ਦੇ ਜੁਆਬ ਵੱਜੋ ਜਨਤਕ ਤੌਰ ਤੇ ਪੁੱਛਿਆ ਸੀ ਕਿ ਇਹ ਬੀਬੀ ਹੀ ਦੱਸੇ ਕਿ ਕਿਥੇ ਕਿਸਾਨਾਂ ਨੇ ਬਲਾਤਕਾਰ ਕੀਤੇ ਹਨ । ਕਿਉਂਕਿ ਇਸ ਬੀਬੀ ਨੂੰ ਰੇਪ ਸੰਬੰਧੀ ਜਿਆਦਾ ਤੁਜਰਬਾ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੀ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋ ਬਤੌਰ ਇਕ ਐਕਟਰਸ ਤੋ ਐਮ.ਪੀ ਬਣੀ ਬੀਬੀ ਵੱਲੋ ਨਿਰੰਤਰ ਨਿਰਆਧਾਰ ਤੱਥਾਂ ਤੋ ਰਹਿਤ ਕਿਸਾਨਾਂ, ਸਿੱਖਾਂ, ਪੰਜਾਬੀਆਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਸਮੁੱਚੇ ਮੁਲਕ ਵਿਚ ਸਿੱਖਾਂ ਵਿਰੁੱਧ ਨਫਰਤ ਪੈਦਾ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਤੇ ਬਹੁਗਿਣਤੀ ਨਾਲ ਸੰਬੰਧਤ ਸਿਆਸੀ ਜਮਾਤਾਂ ਤੇ ਆਗੂਆਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਸ ਬੀਬੀ ਵੱਲੋ ਸਿੱਖਾਂ ਵਿਰੁੱਧ ਕੀਤੇ ਗਏ ਗੁੰਮਰਾਹਕੁੰਨ ਪ੍ਰਚਾਰ ਦੀ ਬਦੋਲਤ ਹੀ ਕੁਝ ਸਮਾਂ ਪਹਿਲੇ ਹਿਮਾਚਲ ਜੋ ਸਾਡੇ ਪੁਰਾਤਨ ਪੰਜਾਬ ਦਾ ਹੀ ਇਕ ਹਿੱਸਾ ਹੈ, ਉਥੇ ਪੰਜਾਬੀਆਂ ਤੇ ਸਿੱਖਾਂ ਵੱਲੋ ਘੁੰਮਦੇ ਹੋਏ ਮਾਰਕੁੱਟ ਅਤੇ ਅਪਮਾਨ ਕੀਤਾ ਗਿਆ ਸੀ।

ਉਸ ਲਈ ਕੌਣ ਜਿ਼ੰਮੇਵਾਰ ਸੀ ? ਦੂਸਰਾ ਇਸ ਬੀਬੀ ਦੇ ਮਨ-ਆਤਮਾ ਵਿਚ ਸਿੱਖਾਂ ਤੇ ਪੰਜਾਬੀਆਂ ਪ੍ਰਤੀ ਐਨੀ ਨਫਰਤ ਭਰੀ ਹੋਈ ਹੈ ਕਿ ਹੁਣੇ ਹੀ ਇਸ ਵੱਲੋ ਬਣਾਈ ਗਈ ਫਿਲਮ ‘ਐਮਰਜੈਸੀ’ ਵਿਚ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਐਲਾਨੇ ਗਏ 20ਵੀਂ ਸਦੀ ਦੇ ਮਹਾਨ ਸਿੱਖ ਅਤੇ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਕਿਰਦਾਰ ਨੂੰ ਜਾਣਬੁੱਝ ਕੇ ਨਾਂਹਵਾਚਕ ਦਿਖਾਕੇ ਮੁਲਕ ਨਿਵਾਸੀਆ ਵਿਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਬਜਰ ਗੁਸਤਾਖੀ ਕੀਤੀ ਗਈ ਹੈ।

ਜਿਸ ਨੂੰ ਸਮੁੱਚਾ ਖਾਲਸਾ ਪੰਥ ਅਤੇ ਪੰਜਾਬੀ ਬਿਲਕੁਲ ਸਹਿਣ ਨਹੀ ਕਰਨਗੇ ਅਤੇ ਨਾ ਹੀ ਅਜਿਹੇ ਕਿਸੇ ਸਿਰਫਿਰੇ ਨੂੰ ਆਪਣੇ ਮਹਾਨ ਨਾਇਕਾਂ ਦਾ ਅਪਮਾਨ ਕਰਨ ਦੀ ਕਦੀ ਇਜਾਜਤ ਦੇਵਾਂਗੇ । ਉਨ੍ਹਾਂ ਕਿਹਾ ਕਿ 1947 ਦੀ ਵੰਡ ਸਮੇ ਜਿਸ ਸਿੱਖ ਕੌਮ ਨੇ ਵੱਡੀ ਗਿਣਤੀ ਵਿਚ ਪਾਕਿਸਤਾਨ ਤੋ ਹਿਜਰਤ ਕਰਕੇ, ਆਪਣੇ ਘਰ-ਵਾਰ ਛੱਡਕੇ ਇਥੇ ਆਏ । ਇਥੇ ਆ ਕੇ ਵੀ ਮਿਹਨਤ ਮੁਸੱਕਤ ਕਰਕੇ ਇਥੋ ਦੀ ਬੰਜਰ ਜਮੀਨ ਨੂੰ ਖੇਤੀ ਯੋਗ ਬਣਾਕੇ ਇਸ ਮੁਲਕ ਦਾ ਢਿੱਡ ਭਰਨ ਲਈ ਅੰਨ ਪੈਦਾ ਕੀਤਾ । ਉਸ ਕੌਮ ਨਾਲ ਹੁਕਮਰਾਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਮੰਦਭਾਵਨਾ ਅਧੀਨ ਕੰਮ ਕਰਨ ਵਾਲੇ ਅਜਿਹੇ ਲੋਕ ਇਥੋ ਦੇ ਅਮਨ ਚੈਨ ਨੂੰ ਸੱਟ ਮਾਰਨ ਤੋ ਵੀ ਗੁਰੇਜ ਨਹੀ ਕਰ ਰਹੇ । ਜਦੋਕਿ ਇਹ ਅੰਨ ਪੈਦਾ ਕਰਨ ਵਾਲਾ ਕਿਸਾਨ ਵਰਗ ਦੇ ਹਿਜਰਤ ਕਰਨ ਨਾਲ ਪਾਕਿਸਤਾਨ ਨੂੰ ਵੱਡਾ ਘਾਟਾ ਪਿਆ ਅਤੇ ਉਥੇ ਭੁੱਖਮਰੀ ਪੈਦਾ ਹੋਈ।

ਜਿਸ ਕਾਰਨ ਉਨ੍ਹਾਂ ਨੂੰ ਰੂਸ ਤੋ ਕਣਕ ਮੰਗਵਾਉਣੀ ਪੈ ਰਹੀ ਹੈ। ਜਦੋਕਿ ਇਹ ਕਿਸਾਨ ਵਰਗ ਉਥੇ ਵੀ ਉਥੋ ਦੇ ਨਿਵਾਸੀਆ ਦੀ ਲੋੜ ਨੂੰ ਪੂਰਾ ਕਰਨ ਲਈ ਅੰਨ ਪੈਦਾ ਕਰਦਾ ਸੀ। ਦੂਸਰਾ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਵੱਲੋ ਅਟਾਰੀ, ਵਾਹਗਾ, ਸੁਲੇਮਾਨਕੀ, ਹੂਸੈਨੀਵਾਲਾ ਆਦਿ ਸਰਹੱਦਾਂ ਨੂੰ ਨਾ ਖੋਲ੍ਹਕੇ ਇਸ ਕਿਸਾਨ ਵਰਗ ਨਾਲ ਅਤੇ ਛੋਟੇ ਵਪਾਰੀ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਜੇਕਰ ਇਹ ਸਰਹੱਦਾਂ ਵਪਾਰ ਲਈ ਖੋਲ੍ਹ ਦਿੱਤੀਆ ਜਾਣ ਤਾਂ ਇਹ ਕਿਸਾਨ ਵਰਗ ਤੇ ਛੋਟਾ ਵਪਾਰੀ ਵਰਗ ਆਪਣੇ ਉਤਪਾਦਾਂ ਨੂੰ ਪਾਕਿਸਤਾਨ, ਇਰਾਨ, ਇਰਾਕ, ਸਾਊਦੀ ਅਰਬੀਆ, ਅਫਗਾਨੀਸਤਾਨ ਅਤੇ ਰੂਸ ਤੱਕ ਕੌਮਾਂਤਰੀ ਮੰਡੀ ਰਾਹੀ ਅੱਛੀਆ ਕੀਮਤਾਂ ਤੇ ਵੇਚਕੇ ਮਾਲੀ ਤੌਰ ਤੇ ਹੋਰ ਵਧੇਰੇ ਮਜਬੂਤ ਹੋ ਸਕਦਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version