(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਨਾਮ ਤੇ ਬਣੇ ਗੁਰਦੁਆਰਾ ਛੋਟੇ ਸਾਹਿਬਜਾਦੇ ਫਤਹਿ ਨਗਰ ਵਿਖ਼ੇ ਖਾਲਸਾ ਜੀ ਦਾ ਸਿਰਜਣਾ ਦਿਵਸ ਵਿਸਾਖੀ ਪੁਰਬ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਦੋ ਦਿਨ ਦੇ ਵਿਸ਼ੇਸ਼ ਦੀਵਾਨ ਸਜਾਏ ਗਏ ਸਨ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਲਖਵਿੰਦਰ ਸਿੰਘ ਜੀ, ਭਾਈ ਨਰਿੰਦਰ ਸਿੰਘ ਜੀ, ਭਾਈ ਬਲਦੇਵ ਸਿੰਘ ਬੀੜ ਸਾਹਿਬ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ, ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਮੱਖਣ ਸਿੰਘ ਜੀ, ਭਾਈ ਬਰਨ ਸਿੰਘ ਜੀ, ਭਾਈ ਜਸਮਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਬੀਬੀ ਸੰਗੀਤ ਕੌਰ (ਦਕੋਹੇ ਵਾਲੀ ਬੀਬੀਆਂ ਦਾ ਢਾਡੀ ਜੱਥਾ) ਨੇ ਬੀਰ ਰਸ ਦੇ ਢਾਡੀ ਪ੍ਰਸੰਗ ਸੁਣਾਉਦਿਆਂ ਸਮਾਂ ਬੰਨ ਦਿੱਤਾ ਸੀ।
ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਜੀ ਨੇ ਸੰਗਤਾਂ ਨੂੰ ਵਿਸਾਖੀ ਪੁਰਬ ਮੌਕੇ ਦੇ ਕਥਾ ਪ੍ਰਸੰਗ ਸੁਣਾ ਕੇ ਵਿਸਾਖੀ ਪੁਰਬ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ ਤੇ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਜਿਕਰਯੋਗ ਹੈ ਕਿ ਦਿੱਲੀ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਹਿਜ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਤੇ ਇਸ ਗੁਰਦੁਆਰਾ ਸਾਹਿਬ ਵਿਖ਼ੇ ਵੀ 3 ਅਪ੍ਰੈਲ ਤੋਂ ਸਹਿਜ ਪਾਠ ਦੀ ਅਰਥਾਂ ਸਮੇਤ ਲੜੀ ਸ਼ੁਰੂ ਕੀਤੀ ਹੋਈ ਹੈ ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਾਏ ਜਾਣਗੇ।