ਦਿੱਲੀ ਸਰਕਾਰ ਨੇ ਜਨਵਰੀ 2025 ਤਕ ਪਟਾਕੇ ਵੇਚਣ/ਚਲਾਉਣ ਤੇ ਲਗਾਈ ਹੈ ਪਾਬੰਦੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਅੰਦਰ ਤਿਉਹਾਰਾਂ ‘ਤੇ ਪਟਾਕੇ ਨਹੀਂ ਫੂਕੇ ਜਾ ਸਕਦੇ ਪਰ ਮੁੱਖ ਮੰਤਰੀ ਦੀ ਰਿਹਾਈ ‘ਤੇ ਪਟਾਕੇ ਚਲਾਏ ਜਾ ਸਕਦੇ ਹਨ । ਇੱਕ ਪਾਸੇ ਦਿੱਲੀ ਸਰਕਾਰ ਨੇ 1 ਜਨਵਰੀ 2025 ਤੱਕ ਪਟਾਕਿਆਂ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ, ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ਼ੀ ਜ਼ਮਾਨਤ ‘ਤੇ, ਨਿਯਮਾਂ ਨੂੰ ਤੋੜਦੇ ਹੋਏ ਵਰਕਰਾਂ ਨੇ ਜ਼ੋਰਦਾਰ ਢੰਗ ਨਾਲ ਪਟਾਕੇ ਚਲਾਏ।
ਇਸ ਸਬੰਧੀ ਫੈਡਰੇਸ਼ਨ ਆਫ ਸਦਰ ਬਜ਼ਾਰ ਵਪਾਰ ਮੰਡਲ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣੇ ਤਿਉਹਾਰ ’ਤੇ ਪਟਾਕੇ ਨਹੀਂ ਚਲਾ ਸਕਦੇ। ਦੀਵਾਲੀ ਹੋਵੇ ਜਾਂ ਗੁਰਪੁਰਬ, ਕੀ ਮੁੱਖ ਮੰਤਰੀ ਜ਼ਮਾਨਤ ‘ਤੇ ਰਿਹਾ ਹੋਣ ‘ਤੇ ਖੁੱਲ੍ਹੇਆਮ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਨਹੀਂ ਹੋ ਰਿਹਾ..? ਦਿੱਲੀ ਸਰਕਾਰ ਦੀ ਇਸ ਦੋਗਲੀ ਨੀਤੀ ਨੂੰ ਲੈ ਕੇ ਵਪਾਰੀਆਂ ਵਿੱਚ ਭਾਰੀ ਰੋਸ ਹੈ.
ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਵੀ ਤਿਉਹਾਰ ਆਉਂਦੇ ਹਨ ਤਾਂ ਪ੍ਰਦੂਸ਼ਣ ਦੇ ਨਾਂ ‘ਤੇ ਜਾਂ ਤਾਂ ਅਜਿਹੇ ਨਿਯਮ ਲਿਆਂਦੇ ਜਾਂਦੇ ਹਨ ਜਾਂ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਉਹ ਕਦੇ-ਕਦਾਈਂ ਔਡ ਅਤੇ ਈਵਨ ਸਿਸਟਮ ਸੈੱਟ ਕਰਦੇ ਹਨ, ਜਿਸ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਜਦੋਂ ਕਿ ਦਿੱਲੀ ਵਿੱਚ ਬਾਹਰੋਂ ਲਿਆਂਦੇ ਪਟਾਕਿਆਂ ਦੀ ਵਰਤੋਂ ਦਿੱਲੀ ਵਿੱਚ ਹੀ ਹੁੰਦੀ ਹੈ, ਜਿਸ ਕਾਰਨ ਕਰੋੜਾਂ ਰੁਪਏ ਦਾ ਵਪਾਰ ਦੂਜੇ ਰਾਜਾਂ ਵਿੱਚ ਹੁੰਦਾ ਹੈ ਤੇ ਨੁਕਸਾਨ ਦਿੱਲੀ ਦੇ ਵਪਾਰੀਆਂ ਨੂੰ ਹੁੰਦਾ ਹੈ।
ਪਰਮਜੀਤ ਸਿੰਘ ਪੰਮਾ ਨੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਉਪ ਰਾਜਪਾਲ ਤੋਂ ਮੁੱਖ ਮੰਤਰੀ ਨੂੰ ਜ਼ਮਾਨਤ ‘ਤੇ ਰਿਹਾਅ ਹੋਣ ਉਪਰੰਤ ਉਨ੍ਹਾਂ ਦੀ ਪਾਰਟੀ ਵਰਕਰਾਂ ਵਲੋਂ ਪਟਾਕੇ ਚਲਾਉਣ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।