(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਖਾਲਸਾ ਰਾਜ ਲਈ ਜੂਝ ਰਹੇ ਜਲਾਵਤਨੀ ਤੇ ਸਿੱਖ ਫੈਡਰੇਸ਼ਨ ਜਰਮਨ ਦੇ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਜੀ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸਤਵੰਤ ਕੌਰ ਜੀ ਅਕਾਲ ਪੁਰਖ ਵੱਲੋਂ ਬਖ਼ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆ 7 ਮਈ ਨੂੰ ਚੜਾਈ ਕਰ ਗਏ। ਮਾਤਾ ਜੀ ਨੇ ਹਕੂਮਤੀ ਤਸ਼ੱਦਦ ਦਾ ਕੁਹਾੜਾ ਵਾਹਿਗੁਰੂ ਦੀ ਰਜ਼ਾ ’ਚ ਰਹਿ ਕੇ ਝੱਲਿਆ। ਉਹਨਾਂ ਦੇ ਸਪੁੱਤਰ ਭਾਈ ਗੁਰਮੀਤ ਸਿੰਘ ਖਨਿਆਣ ਹਕੂਮਤ ਵੱਲੋਂ ‘ਕਾਲੀ ਸੂਚੀ’ ’ਚ ਪਾਏ ਹੋਣ ਕਰਕੇ ਉਹਨਾਂ ਨੂੰ ਦਹਾਕਿਆਂ ਤੋਂ ਮਿਲ ਨਾ ਸਕੇ।
ਜ਼ਿਕਰਯੋਗ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਜੂਨ ਚੁਰਾਸੀ ਦੇ ਹਮਲੇ ਤੋਂ ਬਾਅਦ ਹੋਰਨਾਂ ਸਿੱਖ ਪਰਿਵਾਰਾਂ ਵਾਂਗ ਇਸ ਖਨਿਆਣ ਪਰਿਵਾਰ ਨੂੰ ਵੀ ਜ਼ੁਲਮ ਦੀ ਭੱਠੀ ’ਚ ਸੜਨਾ ਪਿਆ। ਭਾਈ ਗੁਰਮੀਤ ਸਿੰਘ ਖਨਿਆਣ ਵੱਲੋਂ ਘਰੋਂ ਰੂਹਪੋਸ਼ ਹੋਣ ਬਾਅਦ ਸੁਮੇਧ ਸੈਣੀ, ਸਿਵ ਕੁਮਾਰ ਤੇ ਹੋਰ ਪੁਲਿਸ ਅਫ਼ਸਰਾਂ ਦਾ ਘੋਰ ਤਸ਼ੱਦਦ ਮਾਤਾ ਸਤਵੰਤ ਕੌਰ ਜੀ ਨੇ ਅਡੋਲ ਰਹਿ ਕੇ ਆਪਣੇ ਤਨ ’ਤੇ ਝਲਿਆ। ਹਕੂਮਤੀ ਅੱਤਿਆਚਾਰ ਨੇ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀਆਂ ਦੀ ਫੜੋ ਫੜਾਈ ਕਰਦਿਆ ਬੇਜੁਬਾਨ ਪਸ਼ੂਆਂ ਤੱਕ ਨੂੰ ਨਾ ਬਖ਼ਸਿਆ।
ਮਾਤਾ ਸਤਵੰਤ ਕੌਰ ਜੀ ਦੇ ਦੋ ਭਾਣਜੇ ਸ਼ਹੀਦ ਭਾਈ ਰਛਪਾਲ ਸਿੰਘ ਪਾਲਾ (ਕਰਨਾਣਾ) ਤੇ ਸ਼ਹੀਦ ਭਾਈ ਅਵਤਾਰ ਸਿੰਘ ਮਿੰਟੂ (ਕਰਨਾਣਾ) ਨੇ ਵੀ ਹਥਿਆਰਬੰਦ ਸੰਘਰਸ਼ ’ਚ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਿਛਲੇ ਪੈਂਤੀ ਸਾਲਾਂ ਤੋਂ ਜਲਾਵਤ ਹੋਏ ਉਹਨਾਂ ਦੇ ਪੁੱਤਰ ਭਾਈ ਖਨਿਆਣ ਨੂੰ ਮਾਤਾ ਅਠਾਰਾਂ ਸਾਲ ਬਾਅਦ ਸਿਰਫ ਇਕ ਵਾਰੀ ਹੀ ਮਿਲ ਸਕੇ ਤੇ ਮੁੜ ਮਿਲਣ ਦਾ ਸਬੱਬ ਨਾ ਬਣ ਸਕਿਆ।
ਭਾਈ ਖਨਿਆਣ ਤੇ ਪਰਿਵਾਰ ਨਾਲ ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਸਵਰਨ ਸਿੰਘ ਕੋਟ ਧਰਮੂ, ਬਲਜਿੰਦਰ ਸਿੰਘ ਕੋਟਭਾਰਾ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਰਾਮ ਸਿੰਘ ਢਿਪਾਲੀ, ਭਾਈ ਪਰਨਜੀਤ ਸਿੰਘ ਜੱਗੀ ਬਾਬਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਾਈ ਖਨਿਆਣ ਤੇ ਪਰਵਾਰ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ।
ਮਾਤਾ ਜੀ ਦੀ ਅੰਤਿਮ ਅਰਦਾਸ 12 ਮਈ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਖਨਿਆਣ ਨੇੜ ਅਮਲੋਹ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 12 ਵਜੇ ਪਾਏ ਜਾਣਗੇ।