ਸਭ ਤਰ੍ਹਾਂ ਦੀਆਂ ਜਮਹੂਰੀ ਚੋਣਾਂ ਵਿਚ ਪਾਰਟੀ ਵੱਧ ਚੜ੍ਹਕੇ ਲਵੇਗੀ ਹਿੱਸਾ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਹਰ ਸਾਲ ਦੀ ਤਰ੍ਹਾਂ ਜਿਵੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਸਮੁੱਚੇ ਜਿ਼ਲ੍ਹਾ ਹੈੱਡਕੁਆਰਟਰਾਂ, ਸਬ ਡਿਵੀਜਨਾਂ ਉਤੇ ਆਪਣੀ ਪੰਥਕ ਜੰਗਜੂ ਰਵਾਇਤ ਤੋਂ ਪੰਜਾਬ ਨਿਵਾਸੀਆ ਤੇ ਸਿੱਖ ਨੌਜਵਾਨਾਂ ਨੂੰ ਜਾਣੂ ਕਰਵਾਉਦੇ ਹੋਏ ਅਤੇ ਗੁਰੂ ਸਾਹਿਬਾਨ ਵੱਲੋ ਸਦੀਆ ਪਹਿਲੇ ਗੱਤਕੇ ਦੀ ਸੁਰੂ ਕੀਤੀ ਗਈ ਖੇਡ ਨੂੰ ਹਰ ਪਿੰਡ, ਸ਼ਹਿਰ ਪੱਧਰ ਤੱਕ ਪ੍ਰਫੁੱਲਿਤ ਕਰਨ ਹਿੱਤ ਜੋ 21 ਜੂਨ ਨੂੰ ਗੱਤਕਾ ਦਿਹਾੜਾ ਮਨਾਉਦੇ ਆ ਰਹੇ ਹਾਂ, ਉਹ ਇਸ ਵਾਰੀ ਵੀ ਪੂਰੀ ਸਾਨੋ ਸੌਕਤ ਨਾਲ ਪਾਰਟੀ ਵੱਲੋ ਮਨਾਇਆ ਜਾਵੇਗਾ।
ਇਸ ਵਿਸੇ ਤੇ ਜੋ ਸਟੇਟ ਪੱਧਰ ਦਾ ਵੱਡਾ ਸਮਾਗਮ ਅਤੇ ਗੱਤਕੇ ਦੀਆਂ ਖੇਡਾਂ ਹੋਣੀਆ ਹਨ, ਉਹ ਜਲੰਧਰ ਸ਼ਹਿਰ ਵਿਚ ਮਨਾਇਆ ਜਾਵੇਗਾ। ਜਿਥੇ ਪਾਰਟੀ ਦੀ ਸੀਨੀਅਰ ਲੀਡਰਸਿਪ ਵੀ ਸਮੂਲੀਅਤ ਕਰੇਗੀ। ਇਸਦੇ ਨਾਲ ਹੀ ਜੋ ਆਉਣ ਵਾਲੇ ਸਮੇ ਵਿਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਹੋਣ ਜਾ ਰਹੀ ਹੈ, ਸ. ਸਰਬਜੀਤ ਸਿੰਘ ਖ਼ਾਲਸਾ ਜਿਨ੍ਹਾਂ ਨੇ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਜਲੰਧਰ ਹਲਕੇ ਤੋਂ ਚੋਣ ਲੜ੍ਹੀ ਹੈ, ਉਨ੍ਹਾਂ ਨੂੰ ਹੀ ਪਾਰਟੀ ਨੇ ਉਪਰੋਕਤ ਪੱਛਮੀ ਹਲਕੇ ਤੋਂ ਇਸ ਜਿਮਨੀ ਚੋਣ ਲਈ ਉਮੀਦਵਾਰ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੇ ਪੀ.ਏ.ਸੀ ਮੈਬਰ, ਅਗਜੈਕਟਿਵ ਕਮੇਟੀ ਮੈਬਰ, ਜਿ਼ਲ੍ਹਾ ਪ੍ਰਧਾਨ ਅਤੇ ਪਾਰਲੀਮੈਟ ਦੀਆਂ ਹੋਈਆ ਚੋਣਾਂ ਵਿਚ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਦੀ ਹੋਈ ਇਕ ਅਹਿਮ ਇਕੱਤਰਤਾ ਵਿਚ ਸਰਬਸੰਮਤੀ ਨਾਲ ਹੋਏ ਫੈਸਲਿਆ ਦੀ ਪ੍ਰੈਸ ਰੀਲੀਜ ਰਾਹੀ ਦਿੱਤੀ।
ਇਸ ਮੀਟਿੰਗ ਵਿਚ ਉਪਰੋਕਤ ਫੈਸਲਿਆ ਤੋ ਇਲਾਵਾ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਹਾਰਾਂ ਜਿੱਤਾਂ ਸਾਡੇ ਸੰਘਰਸ ਦੇ ਪੜਾਅ ਤਾਂ ਹੋ ਸਕਦੇ ਹਨ ਪਰ ਮੰਜਿਲ ਨਹੀ । ਜਦੋਕਿ ਸਾਡੀ ਮੰਜਿਲ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਆਪਣਾ ਖਾਲਿਸਤਾਨ ਸਟੇਟ ਕਾਇਮ ਕਰਨਾ ਹੈ । ਜਿਸ ਉਤੇ ਪਾਰਟੀ ਬਿਨ੍ਹਾਂ ਕਿਸੇ ਰੁਕਾਵਟ ਦੇ ਪਹਿਰਾ ਦਿੰਦੀ ਰਹੇਗੀ । ਇਸਦੇ ਨਾਲ ਹੀ ਇਸ ਮਿਸਨ ਦੀ ਪ੍ਰਾਪਤੀ ਲਈ ਸਮੁੱਚੇ ਹਾਊਂਸ ਨੇ ਸ. ਸਿਮਰਨਜੀਤ ਸਿੰਘ ਮਾਨ ਵੱਲੋ ਬੀਤੇ 40 ਸਾਲਾਂ ਤੋ ਖਾਲਸਾ ਪੰਥ ਲਈ ਦਿੱਤੀਆ ਜਾਂਦੀਆ ਆ ਰਹੀਆ ਦ੍ਰਿੜਤਾਪੂਰਵਕ ਨਿਰਸਵਾਰਥ ਸੇਵਾਵਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਜਿਥੇ ਸ. ਮਾਨ ਦਾ ਧੰਨਵਾਦ ਕੀਤਾ, ਉਥੇ ਸਮੁੱਚੇ ਹਾਊਸ ਨੇ ਉਨ੍ਹਾਂ ਦੇ ਰਹਿੰਦੇ ਸਵਾਸਾਂ ਤੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਦੀ ਸੇਵਾ ਸੌਪਦੇ ਹੋਏ ਜੈਕਾਰਿਆ ਦੀ ਗੂੰਜ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਹ ਵੀ ਫੈਸਲਾ ਕੀਤਾ ਗਿਆ ਕਿ ਜੋ ਆਉਣ ਵਾਲੇ ਸਮੇ ਵਿਚ ਅਸੀਂ ਸਭ ਤਰ੍ਹਾਂ ਦੀਆਂ ਜਮਹੂਰੀ ਪ੍ਰਕਿਰਿਆ ਨੂੰ ਪੂਰਨ ਕਰਨ ਵਾਲੀਆ ਚੋਣਾਂ ਭਾਵੇ ਉਹ ਜਿ਼ਲ੍ਹਾ ਪ੍ਰੀਸ਼ਦ/ਬਲਾਕ ਸੰਮਤੀਆਂ ਦੀਆਂ ਚੋਣਾਂ, ਭਾਵੇ ਜਿਮਨੀ ਚੋਣ, ਪੰਚਾਇਤਾਂ, ਨਗਰਪਾਲਿਕਾਵਾਂ/ਨਗਰ ਕੌਸਲਾਂ, ਕਾਰਪੋਰੇਸ਼ਨਾਂ ਦੀਆਂ ਹੋਣ ਜਾਂ ਐਸ.ਜੀ.ਪੀ.ਸੀ ਦੇ ਜਰਨਲ ਹਾਊਂਸ ਦੀਆਂ ਹੋਣ ਸਭ ਤਰ੍ਹਾਂ ਦੀਆਂ ਜਮਹੂਰੀ ਚੋਣਾਂ ਵਿਚ ਪਾਰਟੀ ਵੱਧ ਚੜ੍ਹਕੇ ਹਿੱਸਾ ਲਵੇਗੀ ਅਤੇ ਆਪਣੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿਚ ਉਤਾਰੇਗੀ। ਇਸਦੀ ਤਿਆਰੀ ਲਈ ਸੀਨੀਅਰ ਅਹੁਦੇਦਾਰ ਸਾਹਿਬਾਨ ਜਿ਼ਲ੍ਹਾ ਸਰਕਲ ਅਤੇ ਸਰਕਲ ਜਥੇਬੰਦੀਆਂ ਦਾ ਸਹਿਯੋਗ ਲੈਦੇ ਹੋਏ ਇਕ ਅੱਛੀ ਵਿਊਤਬੰਦੀ ਬਣਾਉਣ ਉਤੇ ਜੋਰ ਦਿੱਤਾ ਗਿਆ। ਪਿਛਲੀਆ ਹੋਈਆ ਚੋਣਾਂ ਵਿਚ ਜਿਥੇ ਕਿਤੇ ਜਥੇਬੰਦਕ ਜਾਂ ਪ੍ਰਚਾਰ ਤੌਰ ਤੇ ਕੋਈ ਕਮੀਆ ਰਹਿ ਗਈਆ ਹਨ ਉਨ੍ਹਾਂ ਨੂੰ ਸੀਮਤ ਸਮੇ ਵਿਚ ਪੂਰਨ ਕਰਨ ਦਾ ਸਮੁੱਚੇ ਅਹੁਦੇਦਾਰ ਸਾਹਿਬਾਨ ਵੱਲ ਅਹਿਦ ਲਿਆ ਗਿਆ।