(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


ਪੰਜਾਬ ਦੇ ਰਾਜਪੁਰਾ ਤੋਂ ਤਖਤ ਪਟਨਾ ਸਾਹਿਬ ਦਰਸ਼ਨ ਲਈ ਪਹੁੰਚੀਆਂ ਬੀਬੀਆਂ ਦਾ ਅੱਜ ਸਵੇਰੇ ਪਟਨਾ ਦੇ ਮੈਰੀਨ ਡ੍ਰਾਈਵ ਤੇ ਤੇਜ਼ ਰਫਤਾਰ ਕਾਰ ਨਾਲ ਐਕਸੀਡੈਂਟ ਹੋ ਗਿਆ। ਤਖਤ ਪਟਨਾ ਸਾਹਿਬ ਤੋਂ 5 ਬੀਬੀਆਂ ਬੈਟਰੀ ਰਿਕਸ਼ੇ ‘ਤੇ ਸਵਾਰ ਹੋ ਕੇ ਹਾਂਡੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਜਦੋਂ ਬੈਟਰੀ ਰਿਕਸ਼ਾ ਮੈਰੀਨ ਡ੍ਰਾਈਵ ਤੋਂ ਹੋ ਕੇ ਗੋਲੰਬਰ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਕੇ ਕਾਰ ਨੇ ਜੋਰਦਾਰ ਟੱਕਰ ਮਾਰੀ ਜਿਸ ਨਾਲ ਰਿਕਸ਼ਾ ਉਲਟ ਗਿਆ।
ਹਾਦਸੇ ਦੇ ਸਮੇਂ ਪਟਨਾ ਵਾਸੀ ਮਨਪ੍ਰੀਤ ਸਿੰਘ ਉਥੇ ਤੋਂ ਗੁਜ਼ਰ ਰਹੇ ਸਨ ਜਿਨ੍ਹਾਂ ਨੇ ਇਸ ਦੀ ਜਾਣਕਾਰੀ ਤਖਤ ਪਟਨਾ ਸਾਹਿਬ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੂੰ ਦਿੱਤੀ। ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵੀ ਜਾਣਕਾਰੀ ਮਿਲਦਿਆਂ ਤੁਰੰਤ ਮੋਕੇ ‘ਤੇ ਪਹੁੰਚ ਗਏ ਅਤੇ ਫੱਟੜ ਬੀਬੀਆਂ ਨੂੰ ਤੁਰੰਤ ਹਸਪਤਾਲ ਲੈ ਗਏ। ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਨੇ ਤਖਤ ਸਾਹਿਬ ਦੇ ਸਟਾਫ ਮੇਜਰ ਸਿੰਘ ਅਤੇ ਹੋਰਾਂ ਨੂੰ ਭੇਜਿਆ ਜਿਨ੍ਹਾਂ ਨੇ ਉਥੇ ਪਹਿਲਾਂ ਤੋਂ ਮੌਜੂਦ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨਾਲ ਮਿਲ ਕੇ ਮਦਦ ਕਾਰਜ ਨੇਪੜੇ ਚਾੜਿਆ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਹਰਮਨ ਕੌਰ ਦੀ ਸਥਿਤੀ ਗੰਭੀਰ ਸੀ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਵੇਂ ਕਿ ਕਮਲਜੀਤ ਕੌਰ ਅਤੇ ਬਲਜਿੰਦਰ ਕੌਰ ਦੇ ਕੰਧੇ ਵਿੱਚ ਚੋਟ ਆਈ ਸੀ ਜਿਨ੍ਹਾਂ ਨੂੰ ਪ੍ਰਾਇਮਰੀ ਉਚਾਰ ਦੇ ਕੇ ਛੁੱਟੀ ਦੇ ਦਿੱਤੀ ਗਈ।