(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਭਾਰਤੀ ਗਣਤੰਤਰ ਦਿਵਸ 25 ਜਨਵਰੀ ਮੌਕੇ ਦਲ ਖ਼ਾਲਸਾ ਨੇ ਪੰਜਾਬ ਵਿਚ ਤਿੰਨ ਵੱਖ ਵੱਖ ਥਾਵਾਂ ਮਾਲਵਾ ਦਾ ਮਾਨਸਾ, ਮਾਝਾ ਦਾ ਗੁਰਦਾਸਪੁਰ ਤੇ ਦੁਆਬੇ ਦਾ ਜਲੰਧਰ ਵਿਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਵਿਚ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਰਤੀ ਅਜਾਦੀ ਤੇ ਗਣਤੰਤਰ ਦਿਵਸ ਸਿੱਖ ਕੌਮ ਤੇ ਹੋਰਨਾਂ ਘੱਟ ਗਿਣਤੀਆਂ ਲਈ ਇਕ ਧਰੋਹ, ਫਰੇਬ ਤੇ ਫਰਾੜ ਹਨ।
ਉਹਨਾਂ ਕਿਹਾ ਕਿ ਮਾਨਸਾ ਵਿਚ 25 ਜਨਵਰੀ ਨੂੰ ਹੋਣ ਵਾਲੇ ਅਜਾਦੀ ਦਿਵਸ ’ਚ ਬਠਿੰਡਾ, ਸੰਗਰੂਰ, ਬਰਨਾਲਾ ਤੇ ਮਾਨਸਾ ਜਿਲਿ੍ਹਆਂ ਦੀ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਇੰਡੀਅਨ ਸਟੇਟ ਬੋਲ਼ੇ ਕੰਨਾਂ ਤੱਕ ਪੀੜ੍ਹਤ ਕੌਮ ਦੀ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਮੌਕੇ ਦਲ ਖਾਲਸਾ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ‘ਕੌਰਨਾਮਾ’ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਦਲ ਖਾਲਸਾ ਦੇ ਭਾਈ ਰਾਮ ਸਿੰਘ ਢਪਾਲੀ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ ਤੇ ਭਾਈ ਬਲਕਰਨ ਸਿੰਘ ਡੱਬਵਾਲੀ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਸਮੇਤ ਦੇਸ਼-ਵਿਦੇਸ਼ ਵਿੱਚ ਸਿੱਖ ਕਾਰਕੁਨਾਂ ਦੀਆਂ ਟਾਰਗੇਟ ਕਿਲਿੰਗਜ਼, ਪੀਲੀਭੀਤ ਵਿਖੇ ਵਾਪਰਿਆ ਝੂਠਾ ਪੁਲਿਸ ਮੁਕਾਬਲਾ, ਯੂ.ਏ.ਪੀ.ਏ. ਅਤੇ ਐਨ.ਐਸ.ਏ. ਵਰਗੇ ਕਾਲੇ ਕਨੂੰਨਾਂ ਰਾਹੀ ਕੀਤੀਆਂ ਨਜ਼ਾਇਜ਼ ਨਜ਼ਰਬੰਦੀਆਂ, ਸਵੈ-ਰਾਜ ਦੀ ਇੱਛਾ ਰੱਖਣ ਵਾਲੀਆਂ ਨਸਲੀ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਤੋਂ ਇਨਕਾਰ ਕਰਨ ਅਤੇ ਭਾਰਤ ਸਰਕਾਰ ਦੀਆਂ ਕਿਸਾਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਦੇ ਵਿਰੋਧ ਵਿੱਚ ਮਾਰਚ ਕੀਤਾ ਜਾਵੇਗਾ।
ਦਲ ਖਾਲਸਾ ਵਲੋ ਡੋਨਾਲਡ ਟਰੰਪ ਨੂੰ ਮੁਬਾਰਕਬਾਦ ਜਿਨ੍ਹਾਂ ਨੇ ਮੁੜ ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ। ਡੋਨਾਲਡ ਟਰੰਪ ਪਾਸੋਂ ਉਮੀਦ ਅਤੇ ਆਸ ਜਿਤਾਉਂਦੇ ਹਾਂ ਕਿ ਰਾਸ਼ਟਰਪਤੀ ਬਾਈਡਨ ਪ੍ਰਸ਼ਾਸਨ ਵੱਲੋਂ ਭਾਰਤੀ ਹਕੂਮਤ ਦੀਆਂ ਵਿਦੇਸ਼ਾਂ ਦੀ ਧਰਤੀ ਤੇ ਗੈਰ-ਨਿਆਇਕ ਕਤਲਾਂ ਦੇ ਨੀਤੀ ਨੂੰ ਨਕੇਲ ਪਾਉਣ ਦੀ ਵਿੱਢੀ ਮੁਹਿੰਮ ਨੂੰ ਅੰਜਾਮ ਤੱਕ ਲੈ ਕੇ ਜਾਣਗੇ ਅਤੇ ਭਾਰਤ ਨੂੰ ਦੁਨੀਆਂ ਦੀ ਕਚਹਿਰੀ ਵਿੱਚ ਜੁਆਬਦੇਹ ਬਣਾਉਣਗੇ।