ਸਾਬਕਾ ਫੈਡਰੇਸ਼ਨ ਆਗੂਆਂ ਅਤੇ ਪੰਥਕ ਧਿਰਾਂ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲ ਵੱਧਦੇ ਕਦਮ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰ-ਬਦਲ ਦੇ ਸੰਕੇਤ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਾਪੂ ਤਰਸੇਮ ਸਿੰਘ ਜੀ ਦੀ ਅਗਵਾਈ ਵਿੱਚ ਪੰਥਕ ਮਸਲਿਆਂ ਤੇ ਗੰਭੀਰ ਚਿੰਤਾ ਵਿਆਕਤ ਕਰਦੇ ਹੋਏ ਇੱਕ ਹੰਗਾਮੀ ਮੀਟਿੰਗ ਪਿੰਡ ਜੱਲੂਪੁਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ, ਵਿਦਵਾਨਾਂ, ਪੰਥਕ ਹਸਤੀਆਂ ਅਤੇ ਪੁਰਾਣੇ ਫੈਡਰੇਸ਼ਨ ਆਗੂਆਂ ਨੇ ਸ਼ਿਰਕਤ ਕੀਤੀ। ਜਿੰਨਾਂ ਵਿੱਚ ਮੁੱਖ ਤੌਰ ਇੰਜ਼.ਸਰਬਜੀਤ ਸਿੰਘ ਸੋਹਲ (ਮੈਂਬਰ ਸੰਵਿਧਾਨਿਕ ਕਮੇਟੀ), ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਮੁਖਵਿੰਦਰ ਸਿੰਘ ਮੁੱਖੀ (ਦਮਦਮੀ ਟਕਸਾਲ), ਭਾਈ ਪਰਮਜੀਤ ਸਿੰਘ ਜੌਹਲ, ਭਾਈ ਪਲਵਿੰਦਰ ਸਿੰਘ, ਮਾਸਟਰ ਪਲਵਿੰਦਰ ਸਿੰਘ, ਭਾਈ ਅਵਤਾਰ ਸਿੰਘ ਬੋਪਾਰਾਏ, ਭਾਈ ਭੁਪਿੰਦਰ ਸਿੰਘ ਗੱਦਲੀ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਪਲਵਿੰਦਰ ਸਿੰਘ, ਜਸਵਿੰਦਰ ਸਿੰਘ ਡਰੌਲੀ। ਹਰਪ੍ਰੀਤ ਸਿੰਘ ਚੰਡੀਗੜ੍ਹ (ਮੈਂਬਰ ਭਰਤੀ ਕਮੇਟੀ), ਡਾ.ਲਖਵਿੰਦਰ ਸਿੰਘ ਢਿੰਗਨੰਗਲ, ਜਸਬੀਰ ਸਿੰਘ ਕੌਨਸਲਰ ਰਾਜਪੁਰਾ, ਰਣਜੀਤ ਸਿੰਘ ਤਲਵੰਡੀ, ਅਮਰੀਕ ਸਿੰਘ ਖਾਲਸਾ ਪਹਾੜਪੁਰ, ਮਨਜੀਤ ਸਿੰਘ ਮੋਹਾਲੀ, ਜਸ਼ਨ ਸਿੰਘ ਸੰਧੂ, ਮਨਿੰਦਰ ਸਿੰਘ ਧੁਨਾਂ,ਕੁਲਬੀਰ ਸਿੰਘ ਗੰਡੀਵਿੰਡ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸਿੱਖ ਸਿਧਾਂਤਾਂ, ਗੁਰਦੁਆਰਾ ਪ੍ਰਬੰਧ, ਅਤੇ ਪੰਜਾਬ ਨਾਲ ਜੁੜੀਆਂ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸ੍ਰੀ ਅੰਮ੍ਰਿਤਸਰ ਸਾਹਿਬ ਤੋ ਮੁੱਖ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਭਾਈ ਸਰਬਜੀਤ ਸਿੰਘ ਸੋਹਲ ਨੇ ਕਿਹਾ ਕਿ ਸਰਕਾਰ ਅਤੇ ਵੱਖ-ਵੱਖ ਸ਼ਕਤੀਆਂ ਵੱਲੋਂ ਪੰਥਕ ਮੂਲ ਵਿਰੋਧੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਆਏ ਸਮੂਹ ਆਗੂਆਂ ਵੱਲੋਂ ਸਾਂਝੇ ਰੂਪ ਵਿੱਚ ਗੁਰਦੁਆਰਾ ਪ੍ਰਬੰਧ ‘ਚ ਦਖਲਅੰਦਾਜ਼ੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ‘ਚ ਸਰਕਾਰੀ ਹਸਤਕਸ਼ੇਪ ਦੀ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਸਿੱਖ ਇਤਿਹਾਸ ਤੇ ਸੰਸਕ੍ਰਿਤੀ ‘ਤੇ ਹੋ ਰਿਹਾ ਹਮਲਾ ਜਿੰਨਾਂ ਵਿੱਚ ਕਿਤਾਬਾਂ, ਕੋਰਸ ਸਿੱਖ ਇਤਿਹਾਸ ਦੀ ਤੋੜ-ਮਰੋੜ ਸਮੁੱਚੀ ਕੌਮ ਲਈ ਇਕ ਵੱਡਾ ਖ਼ਤਰਾ ਹੈ।
ਇਸ ਮੌਕੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚਲਾਈ ਗਈ ਭਰਤੀ ਮੁਹਿੰਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੀ ਅਹਿਮ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਤੇ ਜੋਰ ਦਿੱਤਾ ਗਿਆ। ਭਾਈ ਪਰਮਜੀਤ ਜੀ ਜੌਹਲ ਨੇ ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਬੇਹਤਰੀ ਵਾਸਤੇ ਨਿੱਗਰ ਸੋਚ ਰੱਖਣ ਵਾਲੇ ਸਮੂਹ ਪੁਰਾਣੇ ਫੈਡਰੇਸ਼ਨ ਆਗੂਆਂ ਨੂੰ ਜੀਓ ਆਇਆਂ ਕਿਹਾ ਅਤੇ ਵੱਧ ਚੜ ਕੇ ਹਰ ਪੱਖ ਤੋਂ ਸਹਿਯੋਗ ਕਰਨ ਲਈ ਕਿਹਾ।
ਅਖੀਰ ਵਿੱਚ ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਸਾਰੇ ਆਗੂਆਂ ਤੇ ਪੰਥਕ ਸ਼ਖਸੀਅਤਾਂ ਦਾ ਉਹਨਾਂ ਦੇ ਗ੍ਰਹਿ ਪਿੰਡ ਜੱਲੂਪੁਰ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਪੁਰਾਣੇ ਸਿਆਸੀ ਤਜਰਬਿਆਂ ਚੋਂ ਸਾਂਝੀਆਂ ਕੀਤੀਆਂ ਵੱਡਮੁੱਲੀਆਂ ਜਾਣਕਾਰੀਆਂ ਨੂੰ ਵੀ ਸਰਾਹਿਆ ਅਤੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਕੋਈ ਆਪ ਬਣਾਈ ਗਈ ਪਾਰਟੀ ਨਹੀਂ ਹੈ ਬਲਕਿ ਸੰਗਤ ਦੇ ਪਿਆਰ ਨਾਲ ਪੰਜਾਬ ਦੇ ਵਿਗੜੇ ਹਲਾਤਾਂ ਕਾਰਨ ਉਪਜੇ ਖਲਾਅ ਵਿੱਚੋਂ ਆਪ ਪੈਦਾ ਹੋਈ ਹੈ ਅਤੇ ਇਸ ਪਾਰਟੀ ਤੇ ਹਰੇਕ ਵਰਗ ਦਾ ਬਰਾਬਰ ਯੋਗਦਾਨ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਮੂਲ ਪੰਥਕ ਸਿਧਾਂਤਾਂ ਤੇ ਚਲਦਿਆਂ ਹਰੇਕ ਵਰਗ ਨੂੰ ਨਾਲ ਲੈ ਕੇ ਸਰਬੱਤ ਦੇ ਭਲੇ ਲਈ ਇਕ ਸਾਂਝੇ ਕਾਫਲੇ ਦੇ ਰੂਪ ਵਿੱਚ ਚੱਲੇਗਾ।