ਕਿਹਾ: ਪੰਥਕ ਹਿੱਤਾਂ ਲਈ ਚੜ੍ਹਦੀਕਲਾ ਦੇ ਫੈਸਲੇ ਕਰੋਗੇ ਅਸੀਂ ਆਪ ਦਾ ਹਰ ਪੱਖ ਤੋਂ ਸਾਥ ਦਿਆਂਗੇ, ਪਰ ਸਿਧਾਂਤ ਛੱਡਣ ਉਪਰੰਤ ਆਪ ਨੂੰ ਸਾਹਮਣੇ ਵਿਰੋਧ ਚ ਖੜੇ ਮਿਲਾਂਗੇ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

   
--->

ਬੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੀ ਭੈਣ ਬੀਬੀ ਸਰਬਜੀਤ ਕੌਰ ਰਾਹੀਂ ਗਿਆਨੀ ਕੁਲਦੀਪ ਸਿੰਘ ਜੋ ਕਿ ਤਖਤ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਅਤੇ ਕਾਰਜਕਾਰੀ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਬਣੇ ਹਨ ਨੂੰ ਮੁੱਖਾਬਿਕ ਹੁੰਦਿਆਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਜੀ ਆਪ ਨੂੰ ਸਿੱਖਾਂ ਦੇ ਸਿਰਮੌਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖ਼ੇ ਆਪ ਤਰਸ ਕਰਕੇ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਹੈ. ਆਪ ਉਹ ਸੇਵਾ ਪੰਥ ਦੀ ਚੜ੍ਹਦੀਕਲਾ ਲਈ ਨਿਭਾਉਣਾ ਕਰੋਗੇ ਤਾਂ ਆਪ ਜੀ ਦਾ ਹਰ ਮੌਕੇ ਸਾਥ ਦਿਆਂਗੇ.

ਅਸੀਂ ਆਸ ਕਰਦੇ ਹਾਂ ਕੇ ਜੱਥੇਦਾਰ ਸਾਹਿਬ ਪੰਥ ਨੂੰ ਇੱਕ ਨਿਸ਼ਾਨ ਹੇਠਾਂ ਇਕੱਠਾ ਕਰਨ ਦਾ ਕਾਰਜ ਆਰੰਭਣਗੇ ਕਿਉਂਕੇ ਸਿੱਖਾਂ ਵਿੱਚ ਪਏ ਦੋਫਾੜ ਨਾਲ ਸਿੱਖਾਂ ਦੀ ਰਾਜਸੀ ਸ਼ਕਤੀ ਨੂੰ ਢਾਹ ਲੱਗੀ ਹੈ. ਸਿੰਘ ਸਾਹਿਬ ਜੀ ਤੁਹਾਡੀਆਂ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਜਿੰਨ੍ਹਾਂ ਵਿੱਚ ਯਤੀਮ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ, ਗਰੀਬ ਸਿੱਖਾਂ ਦੀ ਬਾਂਹ ਫੜਨੀ, ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ ਤੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦਾ ਖਿਆਲ ਕਰਨਾ ਕਰਕੇ ਅਸੀਂ ਆਪ ਜੀ ਦਾ ਸਤਿਕਾਰ ਕਰਦੇ ਹਾਂ, ਆਪ ਵੱਲੋਂ ਜੋ ਪਿੱਛਲੇ ਸਮਿਆਂ ਅੰਦਰ ਜੋ ਪੰਥਕ ਕਾਰਜ ਕੀਤੇ ਗਏ ਉਹਨਾਂ ਤੋਂ ਆਪ ਅੰਦਰ ਪੰਥਕ ਜਜ਼ਬੇ ਦੀ ਝਾਤ ਪੈਂਦੀ ਹੈ.

ਸਾਡਾ ਸਰਕਾਰਾਂ ਤੋਂ ਕਿਸੇ ਵੀ ਇੰਨਸਾਫ ਦੀ ਉਮੀਦ ਰੱਖਣਾ ਭਾਂਵੇ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਾ ਹੈ ਤੇ ਭਾਂਵੇ ਰੋਸ ਚ ਬੈਠੀਆਂ ਸੰਗਤਾਂ ਦੇ ਕਤਲ ਕਰਨ ਵਾਲੇ ਤੇ ਕਰਵਾਉਣ ਵਾਲਿਆਂ ਤੇ ਕਾਰਵਾਈ ਦੀ ਉਮੀਦ ਰੱਖਣਾ ਬੇਮਾਇਨੇ ਹੈ | ਮੌਕੇ ਦੀ ਸਿੱਖ ਰਾਜਨੀਤੀ ਵਿੱਚ ਆਏ ਨਵੇਂ ਬਦਲ ਨੂੰ ਜਿੱਥੇ ਸਾਰਾ ਪੰਥ ਦੇਸ਼ਾਂ ਵਿਦੇਸ਼ਾਂ ਵਿੱਚ ਸਵੀਕਾਰ ਕਰ ਰਿਹਾ ਹੈ ਉੱਥੇ ਹੀ ਸਿੱਖ ਨੌਜਵਾਨੀ ਪੰਥਕ ਕਾਰਜਾਂ ਵਿੱਚ ਇੱਕ ਅਗਵਾਈ ਦੀ ਉਡੀਕ ਕਰ ਰਹੀ ਹੈ ਤੇ ਮੈਂ ਵੀ ਜੱਥੇਦਾਰ ਸਾਹਿਬ ਨੂੰ ਇਹੋ ਅਪੀਲ ਕਰਦਾ ਹਾਂ ਕੇ ਸਾਡਾ ਨਿਸ਼ਚਾ ਤੇ ਭਰੋਸਾ ਸਿੱਖਾਂ ਦੇ ਕੇਂਦਰੀ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਹੈ ਕਿਸੇ ਦੁਨੀਆਵੀ ਅਦਾਲਤ ਉੱਪਰ ਨਹੀਂ, ਅੱਜ ਸਿੱਖ ਨੌਜਵਾਨਾਂ ਵਿੱਚ ਆਪਣੇ ਕੌਮੀ ਘਰ ਖਾਲਿਸਤਾਨ ਅਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਪਸੀ ਦੀ ਚਿਣਗ ਹੈ ਤੇ ਆਪਜੀ ਇਸ ਦੀ ਅਗਵਾਈ ਕਰੋ ਤੇ ਸਿੱਖਾਂ ਨੂੰ ਇੱਕ ਪੈਂਡੇ ਉੱਪਰ ਇੱਕ ਨਿਸ਼ਾਨ ਹੇਠ ਚਲਾਉਣਾ ਕਰੋ ਤਾਂਜੋ ਸਿੱਖਾਂ ਦੇ ਪੈਰ ਅੱਜ ਪੰਜਾਬ ਵਿੱਚ ਦੁਬਾਰਾ ਉਸੇ ਅਡੋਲਤਾ ਨਾਲ ਲੱਗ ਸਕਣ.

ਆਪ ਜੀ ਦੀਆਂ ਕੀਤੀਆਂ ਸੇਵਾਵਾਂ ਤੇ ਜੀਵਨ ਨੂੰ ਮੁੱਖ ਰੱਖਦਿਆਂ ਇਹ ਕੁਝ ਕਾਰਜ ਹਨ ਜੋ ਆਪਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਆਪ ਜੀ ਨੂੰ ਬੇਨਤੀ ਹੈ 2016 ਵਿੱਚ ਇਸ ਮੌਜੂਦਾ ਕਮੇਟੀ ਦਾ ਕਾਰਜ ਕਾਲ ਸਮਾਪਤ ਚੁੱਕਿਆ ਹੈ ਆਪ ਹੁਕਮਿ ਜਾਰੀ ਕਰਕੇ ਚੋਣਾ ਕਰਵਾਉ ਤਾਂਜੋ ਪੰਥ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਹੋ ਸਕੇ, ਚੋਣਾ ਨਾ ਹੋਣ ਕਾਰਨ ਅੱਜ ਪੰਥ ਦੇ ਮੁੱਦਿਆ ਤੇ ਕੰਮ ਕਰਨ ਵਾਲੀ ਕਮੇਟੀ ਸਿਰਫ ਇੱਕ ਪਰਿਵਾਰ ਤੇ ਰਾਜਨੀਤਿਕ ਪਾਰਟੀ ਦਾ ਧੜਾ ਬਣਕੇ ਰਹਿ ਗਈ ਹੈ. ਸਿੱਖਾਂ ਕੋਲ ਸਕੂਲਾਂ, ਕਾਲਜਾ ਤੇ ਯੂਨੀਵਰਸਿਟੀਆਂ ਦਾ ਨਾ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਆਪ ਇਸ ਉੱਪਰ ਵੀ ਧਿਆਨ ਦਿਉ ਤਾਂਜੋ ਗਰੀਬ ਸਿੱਖਾਂ ਦੇ ਬੱਚੇ ਚੰਗੀ ਸਿੱਖਿਆ ਮੁਫ਼ਤ ਵਿੱਚ ਪ੍ਰਾਪਤ ਕਰ ਸਕਣ, ਤੇ ਪੰਥ ਦਾ ਸਰਮਾਇਆ ਬਣ ਸਕਣ. ਸਿੱਖਾਂ ਕੋਲ ਹਸਪਤਾਲਾਂ ਦਾ ਨਾ ਹੋਣਾ ਤੇ ਇਲਾਜ ਨਾ ਹੋ ਸਕਣਾ ਸਾਡੇ ਸੇਵਾ ਸੰਭਾਲ ਦੇ ਸਿਧਾਂਤ ਦੇ ਉਲਟ ਜਾਂਦਾ ਹੈ ਆਪ ਨੂੰ ਬੇਨਤੀ ਹੈ ਸਿੱਖਾਂ ਦੀ ਝੋਲੀ ਵਧੀਆ ਵੱਡੇ ਹਸਪਤਾਲ ਪਾਏ ਜਾਣ ਤਾਂਜੋ ਕੋਈ ਇਲਾਜ ਤੋਂ ਸੱਖਣਾ ਰਹਿ ਨਾ ਜਾਵੇ, ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਦੇ ਬਜ਼ੁਰਗ ਮਾਂ ਪਿਓ ਤੇ ਗਰੀਬ ਸਿੱਖਾਂ ਨੂੰ ਜਦੋਂ ਅੱਜ ਇਲਾਜ ਤੋਂ ਵਾਂਝੇ ਵੇਖਦੇ ਹਾਂ ਤਾਂ ਇਹ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਹਾਂ ਕੇ ਪੰਥ ਦਾ ਘਰ ਬਣਾਉਣ ਵਾਲੇ ਤਾਂ ਪੰਥ ਲਈ ਕੁਰਬਾਨ ਹੋਏ ਪਰ ਮੌਜੂਦਾ ਕਮੇਟੀ ਤੇ ਕਾਬਜ ਧੜਾ ਪਿੱਛੋਂ ਉਹਨਾਂ ਦੇ ਪਰਿਵਾਰਾਂ ਤੇ ਗਰੀਬ ਸਿੱਖਾਂ ਲਈ ਕੁਝ ਨਾ ਕਰ ਸਕਿਆ ਅੱਜ ਸਿੱਖਾਂ ਕੋਲ ਕੋਈ ਮੈਡਕਲ ਕਾਲਜ ਜਾ ਆਪਣਾ ਹਸਪਤਾਲ ਨਹੀਂ| ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਦੇਸ਼ਾਂ ਵਿਦੇਸ਼ਾ ਵਿੱਚ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਕੇ ਵੀ ਚਲਾਇਆ ਜਾਵੇ, ਸਿੱਖਾਂ ਦੀ ਰਾਜਸੀ ਤਾਕਤ ਨਾ ਹੋਣ ਕਾਰਨ ਅੱਜ ਸਿੱਖਾਂ ਦੀ ਕੀਮਤ ਕਿਸੇ ਪਿੰਜਰੇ ਚ ਬੰਦ ਪੰਛੀ ਤੋਂ ਵਧੇਰੇ ਨਹੀਂ.

ਸਿੱਖ ਪੰਥ ਦੇ ਦੋਖੀ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਵਾਉਣ ਵਾਲੇ ਪਖੰਡੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਸਰਸੇ ਵਾਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਣ ਵਾਲੇ ਤੇ ਦਵਾਉਣ ਵਾਲਿਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ, ਮਾਫੀ ਦੇਣ ਵਾਲਿਆਂ ਉੱਪਰ ਵੀ ਵੱਡੀ ਕਾਰਵਾਈ ਕਰਕੇ ਮਿਸਾਲ ਪੇਸ਼ ਕੀਤੀ ਜਾਣੀ ਚਾਹੀਦੀ ਹੈ. ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਰਿਵਾਰ ਦੀ ਝੋਲੀ ਚੋਂ ਕੱਢਕੇ ਮੁੜ ਪੰਥ ਦੀ ਝੋਲੀ ਚ ਪਾਇਆ ਜਾਵੇ ਤੇ ਪੁਰਾਣੀ ਗਰਕ ਗਈ ਲੀਡਰਸ਼ਿਪ ਨੂੰ ਪਾਸੇ ਕਰਕੇ ਮੌਜੂਦਾ ਸੰਘਰਸ਼ ਕਰ ਰਹੀ ਨੌਜਵਾਨੀ ਨੂੰ ਪੰਥ ਦੀ ਸੇਵਾ ਸੰਭਾਲ ਲਈ ਮੌਕਾ ਦਿੱਤਾ ਜਾਵੇ. ਜਿਸ ਤਰ੍ਹਾਂ ਪਖੰਡੀ ਸਾਧ ਸਰਸੇ ਵਾਲੇ ਦੇ ਡੇਰੇ ਵਿੱਚ ਵੋਟਾਂ ਮੰਗਣ ਲਈ ਜਾਣ ਵਾਲੇ ਤੇ ਸਿੱਖਾਂ ਦੇ ਕਾਤਲਾਂ ਦਾ ਬਚਾਵ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਕੋਲੋਂ “ਫਖਰ-ਏ-ਕੌਮ” ਵਾਪਿਸ ਲਿਆ ਗਿਆ ਹੈ ਉਸੇ ਤਰ੍ਹਾਂ ਸੁਰਿੰਦਰ ਕੌਰ ਬਾਦਲ ਜੋ ਸਿੱਖਾਂ ਦੇ ਕਾਤਲ ਆਸ਼ੂਤੋਸ਼ ਦੇ ਡੇਰੇ ਚ ਜਾਂਦੀ ਸੀ ਤੇ ਰਾਜਸੀ ਸਾਂਝ ਰੱਖਦੀ ਸੀ ਉਸਤੋਂ ਵੀ “ਮਾਤਾ ਖੀਵੀ ਜੀ“ ਅਵਾਰਡ ਵਾਪਿਸ ਲਿਆ ਜਾਵੇ.

ਭਾਰਤ ਸਰਕਾਰ ਵੱਲੋਂ ਜੂਨ 1984 ਦੇ ਹਮਲੇ ਦੇ ਰੋਸ ਵਿੱਚ ਤੇ ਪੰਥ ਹਿੱਤਾਂ ਲਈ ਜਿੰਨ੍ਹਾਂ ਯੋਧਿਆਂ ਨੇ ਭਾਰਤੀ ਫੌਜ ਦੀ ਨੌਕਰੀ ਨੂੰ ਠੋਕਰ ਮਾਰੀ ਤੇ ਪੰਥ ਲਈ ਸੇਵਾ ਵਿੱਚ ਹਾਜਿਰ ਹੋਏ ਉਹਨਾਂ ਧਰਮੀ ਫੌਜੀਆਂ ਦੀ ਸਾਰ ਲਈ ਜਾਵੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਕੇ ਉਹਨਾਂ ਦੀ ਸੰਭਾਲ ਕੀਤੀ ਜਾਵੇ. ਜਿਸ ਤਰੀਕੇ ਨਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਨਿਯੁੱਕਤੀ ਜਾਂ ਸੇਵਾ ਮੁਕਤ ਕੀਤਾ ਜਾਂਦਾ ਹੈ, ਮੈਂ ਉਸ ਨਾਲ ਸਹਿਮਤ ਨਹੀਂ ਆ।ਇਸ ਤੌਰ ਤਰੀਕੇ ਨੂੰ ਬਦਲ ਕੇ, ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਦੀ ਇਕ ਕਮੇਟੀ ਬਣਾ ਕੇ, ਉਹਨਾਂ ਨੂੰ ਇਹ ਅਖਤਿਆਰ ਦਿੱਤੇ ਜਾਣ।

ਤਾਂ ਜੋ ਸਾਰੇ ਜਥੇਦਾਰ ਸਾਹਿਬਾਨ ਸੰਸਾਰ ਭਰ ਚ,ਪੰਥ ਪ੍ਰਵਾਨਿਤ ਹੋਣ। ਆਸ ਕਰਦੇ ਹਾਂ ਫੈਸਲੇ ਪੰਥ ਦੀ ਏਕਤਾ ਤੇ ਚੜ੍ਹਦੀਕਲਾ ਵਾਲੇ ਹੋਣਗੇ. ਸਤਿਗੁਰੂ ਆਪ ਉੱਪਰ ਮੇਹਰ ਕਰਨ ਜੋ ਕਾਰਜ ਆਪ ਕਰੋ ਸਹਾਇ ਹੋਕੇ ਆਪ ਨਾਲ ਕਰਵਾਉਣ. ਜਦੋਂ ਤਕ ਆਪ ਪੰਥਕ ਹਿੱਤਾਂ ਲਈ ਚੜ੍ਹਦੀਕਲਾ ਦੇ ਫੈਸਲੇ ਕਰੋਗੇ ਅਸੀਂ ਆਪ ਦਾ ਹਰ ਪੱਖ ਤੋਂ ਸਾਥ ਦਿਆਂਗੇ ਪਰ ਸਿਧਾਂਤ ਛੱਡਣ ਉਪਰੰਤ ਆਪ ਨੂੰ ਸਾਹਮਣੇ ਵਿਰੋਧ ਚ ਖੜੇ ਮਿਲਾਂਗੇ. ਪੰਥ ਦੀ ਏਕਤਾ ਤੇ ਚੜ੍ਹਦੀਕਲਾ ਦੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਕਰਦੇ ਹਾਂ ਤੇ ਇਹਨਾਂ ਕਾਰਜਾਂ ਦੀ ਸੇਵਾ ਆਪ ਵੱਲੋਂ ਪ੍ਰਭਾਵੀ ਤੌਰ ਤੇ ਹੋਵੇ ਚਾਹੁੰਦੇ ਹਾਂ. 

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version