ਨਤੀਜੇ ਨਿਕਲਣਗੇ ਗੰਭੀਰ: ਬਾਬਾ ਹਰਦੀਪ ਸਿੰਘ ਮਹਿਰਾਜ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਐਮਰਜੈਂਸੀ ਫਿਲਮ ਦੀ ਆੜ ਵਿੱਚ ਭਾਜਪਾ ਆਰਐਸਐਸ ਅਤੇ ਪੰਜਾਬ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ ਪਰ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖ ਕੌਮ ਤੇ ਕਿਸੇ ਵੀ ਤਰੀਕੇ ਨਾਲ ਹਮਲਾ ਹੋਇਆ ਹੈ ਤਾਂ ਪੂਰੀ ਪੰਥਕ ਜਥੇਬੰਦੀਆਂ ਤੇ ਕੌਮ ਇੱਕਜੁੱਟ ਹੋ ਕੇ ਉਸ ਵਿਰੋਧੀ ਧਿਰ ਆਵਾਜ਼ ਦਾ ਮੁਕਾਬਲਾ ਕਰਨ ਲਈ ਸੜਕਾਂ ਤੇ ਆਈਆਂ ਹਨ ‘ਤੇ ਹੁਣ ਵੀ ਇਸ ਐਮਰਜਂਸੀ ਫਿਲਮ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਚੱਲਣ ਦੇਵਾਂਗੇ ਭਾਵੇਂ ਕੁਝ ਵੀ ਕਰਨਾ ਪਵੇ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਐਮਰਜੈਂਸੀ ਫਿਲਮ ਦੀ ਆੜ ਵਿੱਚ ਭੜਕਾਏ ਜਾ ਰਹੇ ਮਾਹੌਲ ਦਾ ਦੋਸ਼ ਲਾਉਂਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਦੱਸਿਆ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਜਦੋਂ ਸ਼ੁਰੂਆਤ ਵਿੱਚ ਹੀ ਐਮਰਜੈਂਸੀ ਫਿਲਮ ਵਿਵਾਦਾਂ ਵਿੱਚ ਘਿਰ ਗਈ ਸੀ ਅਤੇ ਇਸ ਫਿਲਮ ਵਿੱਚ ਪੰਜਾਬ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਸਨ ਫਿਰ ਹੁਣ ਇਸ ਫਿਲਮ ਨੂੰ ਦੁਬਾਰਾ ਰਿਲੀਜ਼ ਕਿਉਂ ਕੀਤਾ ਗਿਆ ਹੈ।
ਸੀਨ ਕੱਟ ਦੇਣੇ, ਸੀਨ ਚਲਾ ਦੇਣੇ ਜਾਂ ਇਸ ਫਿਲਮ ਵਿੱਚ ਆਪਣੇ ਆਪ ਨੂੰ ਇੰਦਰਾ ਗਾਂਧੀ ਦਿਖਾ ਕੇ ਪੰਜਾਬ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਕਿੱਥੋਂ ਤੱਕ ਜਾਇਜ਼ ਹਨ.? ਕਿਉਂ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਸਲੇ ਤੇ ਕਦਮ ਉਠਾਉਂਦੇ.? ਕਿਉਂ ਨਹੀਂ ਫਿਲਮ ਨੂੰ ਬੈਨ ਕਰਦੇ, ਕਿਉਂ ਨਹੀਂ ਪੰਜਾਬ ਸਰਕਾਰ ਬੰਗਲਾਦੇਸ਼ ਦੀ ਤਰ੍ਹਾਂ ਇਸ ਨੂੰ ਪੰਜਾਬ ਵਿੱਚ ਵੀ ਬੈਨ ਕਰਦੀ। ਦਲ ਖਾਲਸਾ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੰਥਕ ਜਥੇਬੰਦੀਆਂ ਦੇ ਸੰਘਰਸ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਫਿਲਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਗੰਭੀਰ ਨਿਕਲਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਵਾਂਗ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਾ ਸਾਂਝ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਤੁਰੰਤ ਫਿਲਮ ਪੰਜਾਬ ਵਿੱਚ ਬੈਨ ਕਰਨ ਦੇ ਆਦੇਸ਼ ਜਾਰੀ ਕਰਨ। ਇਸ ਮੌਕੇ ਦਲ ਖਾਲਸਾ ਆਗੂ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਸੁਨੇਹਾ ਦੇ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਫਿਲਮ ਨਹੀਂ ਚੱਲਣ ਦੇਵਾਂਗੇ ਭਾਵੇਂ ਕੁਝ ਵੀ ਕਰਨਾ ਪਵੇ।