(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਲੁਧਿਆਣਾ ਇਲਾਕੇ ਦੀਆਂ ਫ਼ੈਕਟਰੀ ਦੇ ਜ਼ਹਿਰੀਲੇ ਪਾਣੀ ਨਾਲ ਭਰਿਆ ਬੁੱਢਾ ਨਾਲੇ ਨੂੰ ਤੁਰੰਤ ਦਰਿਆਈ ਪਾਣੀ ਵਿਚ ਪੈਣ ਤੋਂ ਰੋਕਿਆ ਜਾਵੇ। ਇਸ ਨੂੰ ਰੋਕਣ ਲਈ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ, ਲੱਖਾ ਸਿੰਘ ਸਿਧਾਣਾ ਤੇ ਹੋਰਨਾਂ ਵਲੋਂ ਚਲਾਏ ਜਾ ਰਹੇ ਸੰਘਰਸ਼ ਦੀ ਦਲ ਖ਼ਾਲਸਾ ਵਲੋਂ ਪੂਰਨ ਤੌਰ ’ਤੇ ਹਿਮਾਇਤ ਕੀਤੀ ਜਾ ਰਹੀ ਹੈ। ਪੂਰੇ ਪੰਜਾਬ ਵਿਚ ਜ਼ਹਿਰੀਲੇ ਤੱਤਾਂ ਵਾਲੇ ਮਾਰੂ ਪਾਣੀ ਨੂੰ ਨਹਿਰਾਂ, ਪਾਣੀ ਦੇ ਹੋਰ ਸੋਮਿਆਂ ਤੇ ਧਰਤੀ ਹੇਠ ਜਾ ਰਹੇ ਪਾਣੀ ਨੂੰ ਨਾ ਕੇਵਲ ਬੰਦ ਕੀਤਾ ਜਾਵੇ, ਸਗੋਂ ਇਹ ਵੀ ਜਾਂਚ ਕੀਤੀ ਜਾਵੇ ਕਿ ਜਿਹਨਾਂ ਫ਼ੈਕਟਰੀ ਨੇ ਪ੍ਰਦੂਸਤ ਪਾਣੀ ਨੂੰ ਸੋਧਣ ਵਾਲੇ ਪ੍ਰੋਜੈਕਟ ਨਹੀਂ ਲਾਏ ਜਾਂ ਲਗਾਤਾਰ ਨਹੀਂ ਚਲਾਏ ਜਾ ਰਹੇ, ਉਹਨਾਂ ਨੂੰ ਇਤਰਾਜ਼ਹੀਣ ਦਸਤਾਵੇਜ਼ (ਨੋ ਉਜੇਕਸ਼ਨ ਸਰਟੀਫ਼ਿਕੇਟ) ਕਿਵੇਂ ਜਾਰੀ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਗਿਆ।
ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਜਿਲ੍ਹਾ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ ਤੇ ਭਾਈ ਰਾਮ ਸਿੰਘ ਢਿਪਾਲੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਲਗਾਏ ਉਦਯੋਗਿਕ ਕੇਂਦਰਾਂ ਨੇ ਪੰਜਾਬ ਦਾ ਵਾਤਾਵਰਣ ਤੇ ਪਾਣੀ ਨੂੰ ਇਸ ਹੱਦ ਤਕ ਜਹਿਰੀਲਾ ਕਰ ਦਿਤਾ ਹੈ ਕਿ ਢਿੱਡ (ਪੇਟ) ਦੇ ਰੋਗਾਂ ਤੋਂ ਇਲਾਵਾ ਵਖ ਵਖ ਤਰ੍ਹਾਂ ਦੇ ਕੈਂਸਰਾਂ ਨੇ ਪੰਜਾਬ ਵਾਸੀਆਂ ਨੂੰ ਹੜੱਪਣਾ ਸ਼ੁਰੂ ਕਰ ਦਿਤਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬੀ ਇਸ ਜ਼ਹਿਰੀਲੇ ਵਰਤਾਰੇ ਵਿਰੁੱਧ ਜਾਗਰੂਕ ਹੋ ਕੇ ਸੰਘਰਸ਼ ਦੀ ਕੜੀ ਤਹਿਤ ਤਿੰਨ ਦਸੰਬਰ ਨੂੰ ਬੁੱਢੇ ਨਾਲੇ ਦਾ ਪਾਣੀ ਰੋਕਣ ਲਈ ਇਕੱਤਰ ਹੋ ਰਹੇ ਹਨ, ਇਸ ਘੋਲ ਵਿਚ ਸਾਨੂੰ ਸਭ ਨੂੰ ਇਕੱਤਰ ਹੋ ਕੇ ਸ਼ਾਮਲ ਹੋਣਾ ਚਾਹੀਦਾ ਹੈ।