(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਸੰਘਰਸ਼ ਲਹਿਰ ਦੇ ਖਾੜਕੂ ਜਰਨੈਲ, ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਜਰਨਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਦੂਸਰੇ ਸ਼ਹੀਦੀ ਸਮਾਗਮਾਂ ਸਬੰਧੀ ਬਠਿੰਡਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਗਤਾਂ ਦੀ ਸਮੂਲੀਅਤ ਤੇ ਪ੍ਰਬੰਧਾਂ ਦੇ ਮਾਮਲਿਆਂ ਨੂੰ ਲੈ ਕੇ ਬੈਠਕ ਕੀਤੀ ਗਈ। ਬੈਠਕ ’ਚ ਸਿੱਖ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਦੂਸਰੇ ਸ਼ਹੀਦੀ ਸਮਾਗਮ ਨੂੰ ਨਿਰੋਲ ਗੁਰਮਤਿ ਸਿਧਾਤਾਂ ਅਨੁਸਾਰ ਸੰਪੂਰਨ ਕੀਤਾ ਜਾਵੇ, ਨਾ ਕਿ ਕਿਸੇ ਧਿਰ ਵਲੋਂ ਕਿਸੇ ਕਿਸਮ ਦਾ ਸਿਆਸੀ ਲਾਭ ਲੈਣ ਲਈ ਯਤਨ ਕੀਤੇ ਜਾਣ।
ਇਸ ਬੈਠਕ ਵਿਚ ਪੰਥ ਸੇਵਕ ਜਥਾ ਵਲੋਂ ਬਾਬਾ ਹਰਦੀਪ ਸਿੰਘ ਮਹਿਰਾਜ, ਦਲ ਖਾਲਸਾ ਤੋਂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਸੀਨੀਅਰ ਪੱਤਰਕਾਰ ਅਤੇ ਲੇਖਕ ਬਲਜਿੰਦਰ ਸਿੰਘ ਕੋਟ ਭਾਰਾ, ਪੰਥ ਸੇਵਕ ਜਥਾ ਮਾਲਵਾ ਲੱਖੀ ਜੰਗਲ ਵਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਭਾਈ ਗੁਰਪਾਲ ਸਿੰਘ ਧਿੰਗੜ੍ਹ ਨੇ ਆਪੋਂ ਆਪਣੇ ਵਿਚਾਰ ਪ੍ਰਗਟ ਕਰਦਿਆ ਦੱਸਿਆ ਕਿ 6 ਮਈ 2025 ਦਿਨ ਮੰਗਲਵਾਰ ਨੂੰ ‘ਗੁਰਦੁਆਰਾ ਸ਼ਹੀਦ ਸਿੰਘਾਂ’ ਪਿੰਡ ਪੰਜਵੜ੍ਹ ਵਿਖੇ ਸ਼ਹੀਦੀ ਦੀਵਾਨ ਸਜਾਏ ਜਾਣਗੇ, ਜਿਸ ਉਪਰੰਤ ਪੰਥਕ ਤੇ ਖਾੜਕੂ ਲਹਿਰ ਨਾਲ ਸਬੰਧਤ ਸਖ਼ਸੀਅਤਾਂ ਸੰਗਤਾਂ ਦੇ ਸਨਮੁੱਖ ਹੋਣਗੀਆਂ।
ਉਹਨਾਂ ਕਿਹਾ ਕਿ ਸਮੇਂ ਦੀ ਜਰੂਰਤ ਹੈ ਕਿ ਅਜੋਕੀ ਪੀੜ੍ਹੀ ਨੂੰ ਸੰਘਰਸ਼ ਦੀ ਬੁਨਿਆਦ ਤੇ ਲੜ੍ਹਨ ਦੇ ਕਾਰਣਾਂ ਅਤੇ ਮੌਜੂਦਾ ਹਾਲਾਤਾਂ ਉਪਰ ਚਾਨਣਾ ਪਾਇਆ ਜਾਵੇਗਾ। ਉਹਨਾਂ ਸਮੁੱਚੇ ਪੰਥ ਨੂੰ, ਸੰਗਤਾਂ ਨੂੰ ਇਸ ਸ਼ਹੀਦੀ ਸਮਾਗਮ ਵਿਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਭਾਈ ਰਾਜਵਿੰਦਰ ਸਿੰਘ ਟਿੱਬੀ, ਭਾਈ ਗੁਰਧਿਆਨ ਸਿੰਘ, ਭਾਈ ਗੁਰਪਾਲ ਸਿੰਘ ਰੌੜਕੀ, ਲਵਪ੍ਰੀਤ ਸਿੰਘ, ਭਾਈ ਪ੍ਰਦੀਪ ਸਿੰਘ ਭਾਗੀਵਾਂਦਰ ਆਦਿ ਹਾਜ਼ਰ ਸਨ।