(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਚੰਡੀਗੜ੍ਹ ਦੇ ਮੋਹਾਲੀ ਵਿਖ਼ੇ ਬੀਤੇ ਦੋ ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਹੋਏ ਮੋਰਚੇ ਵਲੋਂ ਬੀਤੇ ਦਿਨ ਮੁੱਖਮੰਤਰੀ ਪੰਜਾਬ ਦੀ ਕੋਠੀ ਦਾ ਘੇਰਾਵ ਕਰਨਾ ਸੀ ਪਰ ਪੰਜਾਬ ਸਰਕਾਰ ਦੀ ਪੁਲਿਸ ਨੇ ਉਨ੍ਹਾਂ ਤੇ ਅੰਨ੍ਹਾਂ ਕਹਿਰ ਗੁਜਾਰਦਿਆਂ ਸਾਰੀਆਂ ਹੱਦਾਂ ਟਪ ਛੱਡੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਇਹ ਇਕ ਸ਼ਾਂਤਮਈ ਪ੍ਰਦਰਸ਼ਨ ਚਲ ਰਿਹਾ ਸੀ ਤੇ ਇੰਨ੍ਹਾ ਦੀ ਹੀ ਨਹੀਂ ਸਗੋਂ ਪੰਥ ਦੀ ਚਿਰੋਕਣੀ ਮੰਗ ਹੈ ਕਿ ਲੰਮੇ ਸਮੇਂ ਤੋਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ।
ਪਰ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਲੋਕਾਂ ਉਪਰ ਲਾਠੀਚਾਰਜ ਕੀਤਾ ਤੇ ਅੱਥਰੂਗੈਸ ਦੇ ਗੋਲੇ ਛੱਡੇ ਹਨ ਦਸਤਾਰਾਂ ਲਾਹੀਆਂ ਹਨ ਕੜਕਦੀ ਠੰਡ ਅੰਦਰ ਠੰਡੇ ਪਾਣੀ ਦੀਆਂ ਜਲਤੋਪਾਂ ਦੀ ਵਰਤੋਂ ਕੀਤੀ ਗਈ ਹੈ ਉਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ । ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਲੋਕ ਕਿਸੇ ਪਰਾਏ ਮੁੱਲਕ ਤੋਂ ਨਹੀਂ ਆਏ ਹਨ ਇਸੇ ਦੇਸ਼ ਦੇ ਸਮਮਾਨਿਤ ਨਾਗਰਿਕ ਹਨ ਤੇ ਉਨ੍ਹਾਂ ਤੇ ਕਹਿਰ ਮਚਾਣਾ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਹਕੂਮਤੀ ਨਸ਼ੇ ਵਿਚ ਮਸਤ ਜਾਬਰ ਵਲੋਂ ਕਮਾਏ ਗਏ ਇਸ ਕਹਿਰ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਜੋ ਆਪਣੇ ਪਰਿਵਾਰ ਦਾ ਨਹੀਂ ਹੋ ਸਕਿਆ ਹੈ ਓਹ ਪੰਜਾਬ ਦਾ ਕਿਸ ਤਰ੍ਹਾਂ ਭਲਾ ਸੋਚ ਸਕਦਾ ਹੈ। ਦੇਸ਼ ਅੰਦਰ ਕੰਮ ਕਰ ਰਹੀਆਂ ਮਨੁੱਖੀ ਅਧਿਕਾਰ ਸੇਵਾਵਾਂ ਦਾ ਫਰਜ਼ ਬਣਦਾ ਹੈ ਕਿ ਓਹ ਤੁਰੰਤ ਇਸ ਮਾਮਲੇ ਦੀ ਗਹਿਰੀ ਪੜਤਾਲ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨੂੰ ਉਜਾਗਰ ਕਰਣ ਦੀ ਪਹਿਲ ਕਰਣ।