(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜਿਸ ਤਰ੍ਹਾਂ ਦੇ ਦੇਸ਼ ਦੇ ਹਲਾਤ ਹਨ ਇਸ ਦੌਰ ਵਿੱਚ ਹਰ ਵਿਵੇਕਸ਼ੀਲ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਅੱਜ ਦੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਖੇਤਰੀ ਪਾਰਟੀਆਂ ਹੀ ਖੇਤਰੀ ਪਹਿਚਾਣ ਅਤੇ ਸੱਭਿਆਚਾਰ ਲਈ ਲੜ ਸਕਦੀਆਂ ਹਨ ਤੇ ਉਹਨਾਂ ਨੂੰ ਬਚਾਉਣ ਲਈ ਕਾਰਜ ਕਰ ਸਕਦੀਆਂ ਹਨ। ਜਿਸ ਤਰ੍ਹਾਂ ਦਾ ਰੋਲ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਹੈ।
ਉਸੇ ਤਰ੍ਹਾਂ ਹੀ ਨੈਸ਼ਨਲ ਕਾਨਫਰੰਸ ਨੇ ਜੰਮੂ ਤੇ ਕਸ਼ਮੀਰ ਅੰਦਰ ਕਸ਼ਮੀਰੀ ਹੱਕਾਂ ਲਈ ਬਣਦੀ ਭੂਮਿਕਾ ਨਿਭਾਈ ਹੈ। ਇਸਦੇ ਆਗੂ ਸ੍ਰੀ ਫਾਰੂਕ ਅਬਦੁੱਲਾ ਧਰਮ ਯੁੱਧ ਮੋਰਚੇ ਵੇਲੇ ਬਤੌਰ ਮੁੱਖ ਮੰਤਰੀ ਅਕਾਲੀ ਆਗੂਆਂ ਨੂੰ ਮਿਲਦੇ ਰਹੇ ਹਨ ਤੇ ਮੋਰਚੇ ਦੀ ਹਿਮਾਇਤ ਵੀ ਕਰਦੇ ਰਹੇ ਹਨ। ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ੍ਰੀ ਅਬਦੁਲਾ ਦੀ ਹਿਮਾਇਤ ਕਰਨ ਦੀ ਅਪੀਲ ਕਸ਼ਮੀਰੀ ਸਿੱਖਾਂ ਤੇ ਉਥੋਂ ਦੇ ਲੋਕਾਂ ਨੂੰ ਕੀਤੀ ਸੀ ਤੇ ਇਸ ਸਬੰਧ ਵਿੱਚ ਉਹ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਹਰਚੰਦ ਸਿੰਘ ਲੌਂਗੋਵਾਲ ਨੂੰ ਵੀ ਮਿਲੇ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਸ਼ਮੀਰੀ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਜਿੰਨਾਂ ਹਾਲਤਾਂ ਵਿੱਚੋਂ ਸਮੁੱਚਾ ਦੇਸ਼ ਤੇ ਖਾਸਕਰ ਜੰਮੂ ਤੇ ਕਸ਼ਮੀਰ ਗੁਜਰ ਰਿਹਾ ਹੈ। ਅਜਿਹੇ ਵਿੱਚ ਜ਼ਰੂਰੀ ਹੋ ਜਾਂਦਾ ਹੈ ਕਿ ਨੈਸ਼ਨਲ ਕਾਨਫਰੰਸ ਵਰਗੀ ਖੇਤਰੀ ਧਿਰ ਮਜ਼ਬੂਤੀ ਨਾਲ ਉੱਭਰ ਕੇ ਸੱਤਾ ਵਿੱਚ ਆਵੇ। ਇਹ ਕਸ਼ਮੀਰੀ ਲੋਕਾਂ ਦੇ ਲਈ ਤੇ ਇਸ ਖਿਤੇ ਅੰਦਰ ਸ਼ਾਂਤੀ ਤੇ ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ।
ਇਸ ਲਈ ਜੰਮੂ ਤੇ ਕਸ਼ਮੀਰ ਅੰਦਰ ਵੱਸਦੇ ਸਮੂਹ ਸਿੱਖਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਇਕਜੁਟ ਹੋ ਕੇ ਉਮਰ ਅਬਦੁਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਤੇ ਇਸਦੀਆਂ ਸਹਿਯੋਗੀ ਧਿਰਾਂ ਨੂੰ ਆਪਣੀ ਵੋਟ ਅਤੇ ਸਪੋਰਟ ਦੇਣ ਤਾਂ ਜੋ ਕਸ਼ਮੀਰ ਦੇ ਸਿੱਖਾਂ ਦੇ ਮਸਲੇ ਹੱਲ ਕੀਤੇ ਜਾ ਸਕਣ ਅਤੇ ਨਾਲ ਹੀ ਖੇਤਰੀ ਧਿਰਾਂ ਕੌਮੀ ਰਾਜਨੀਤੀ ਅੰਦਰ ਵੀ ਮਜ਼ਬੂਤ ਹੋ ਕੇ ਉਭਰ ਸਕਣ।