ਚੰਡੋਲ/ਝੂਲਿਆਂ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਟਰੈਕਟਰਾਂ ‘ਤੇ ਡੈੱਕ, ਲੰਗਰਾਂ ਵਿੱਚ ਸਪੀਕਰ ਅਤੇ ਗੁਰਮਤਿ ਤੋਂ ਉਲਟ ਦੁਕਾਨਾਂ ’ਤੇ ਰਹੇਗੀ ਮੁਕੰਮਲ ਪਾਬੰਦੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਇਲਾਕੇ ਦੀ ਸਿੱਖ ਸੰਗਤ, ਮਸਤੂਆਣਾ ਸਾਹਿਬ ਦੇ ਪ੍ਰਬੰਧਕ ਅਤੇ ਪੰਥ ਸੇਵਾ ਵਿੱਚ ਵਿਚਰ ਰਹੇ ਸਿੱਖ ਜਥਿਆਂ ਵਲੋਂ ਸਾਂਝੀ ਪੱਤਰਕਾਰ ਮਿਲਣੀ ਵਿੱਚ ਮਸਤੂਆਣਾ ਸਾਹਿਬ ਵਿਖੇ ਇਸ ਵਾਰ ਦੇ ਜੋੜ ਮੇਲੇ ਦੇ ਪ੍ਰਬੰਧਾਂ ਸਬੰਧੀ ਅਹਿਮ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਸਲਾਨਾ ਜੋੜ ਮੇਲੇ ਬਾਰੇ ਸਾਂਝਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਜਿਕਰਯੋਗ ਹੈ ਕਿ ਮਸਤੂਆਣਾ ਸਾਹਿਬ ਮਾਲਵੇ ਦੀ ਧਰਤੀ ਉਪਰ ਸਿੱਖੀ ਦਾ ਅਹਿਮ ਕੇਂਦਰ ਹੈ। ਜਿੱਥੇ ਹਰ ਸਾਲ 30, 31 ਜਨਵਰੀ ਅਤੇ 1 ਫਰਵਰੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਿੱਖ ਸੰਗਤ ਦਾ ਭਾਰੀ ਇਕੱਠ ਜੁੜਦਾ ਹੈ।
ਪਿਛਲੇ ਸਾਲ ਜੋੜ ਮੇਲੇ ਦੇ ਮਹੌਲ ਨੂੰ ਗੁਰਮਤਿ ਅਨੁਸਾਰੀ ਬਣਾਉਣ ਲਈ ਕਾਫੀ ਅਹਿਮ ਸੁਧਾਰ ਕੀਤੇ ਗਏ ਅਤੇ ਇਸ ਜੋੜ ਮੇਲੇ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਅਸਥਾਨਾਂ ਉਪਰ ਵੀ ਸੁਧਾਰ ਦੇ ਯਤਨ ਹੋਏ। ਇਸ ਸਾਲ ਇਸ ਮੁਹਿੰਮ ਵਿਚ ਜਿਥੇ ਇਲਾਕੇ ਦੇ ਕਰੀਬ ਪੰਜਾਹ ਪਿੰਡਾਂ ਦਾ ਸਹਿਯੋਗ ਹੈ ਉਥੇ ਵੀਹ ਦੇ ਕਰੀਬ ਹੋਰ ਸਿੱਖ ਜਥਿਆਂ ਅਤੇ ਸਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ ਹੈ।
ਇਸ ਪੱਤਰਕਾਰ ਮਿਲਣੀ ਵਿੱਚ ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਬਾਬਾ ਹਰਜਿੰਦਰ ਸਿੰਘ ਬਾਘਾ ਪੁਰਾਣਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜ ਮੇਲੇ ਦੌਰਾਨ ਦੁਨਿਆਵੀ ਬਜ਼ਾਰ ਨੂੰ ਹਦੂਦ ਤੋਂ ਬਾਹਰ ਰੱਖਿਆ ਜਾਵੇਗਾ, ਟਰੈਕਟਰਾਂ ਅਤੇ ਡੀਜੇ ਉਪਰ ਪਾਬੰਦੀ ਰਹੇਗੀ, ਪੰਡਾਲ ਦੀ ਆਵਾਜ ਸਿਰਫ਼ ਪੰਡਾਲ ਤੱਕ ਸੀਮਤ ਕਰਨ ਤੋਂ ਇਲਾਵਾ ਲੰਗਰਾਂ ਵਿਚ ਵੀ ਸਪੀਕਰ ਨਹੀਂ ਲਗਾਏ ਜਾਣਗੇ। ਇਸ ਤੋਂ ਇਲਾਵਾ ਝੂਲੇ ਵੀ ਮੁਕੰਮਲ ਤੌਰ ’ਤੇ ਬੰਦ ਹੋਣਗੇ। ਮੱਸਿਆ ਦੇ ਦਿਨ ਤੋਂ ਲੈ ਕੇ 1 ਫਰਵਰੀ ਤੱਕ ਸੰਗਤ ਪਹਿਰੇਦਾਰੀ ਕਰੇਗੀ। ਸ. ਜਸਵੰਤ ਸਿੰਘ ਖਹਿਰਾ, ਸਕੱਤਰ ਅਕਾਲ ਕਾਲਜ ਕੌਂਸਲ ਨੇ ਦੱਸਿਆ ਕਿ ਪ੍ਰਬੰਧਕ ਇਸ ਕਾਰਜ ਵਿਚ ਸਿੱਖ ਜਥਿਆਂ ਅਤੇ ਸੰਗਤਾਂ ਦੇ ਨਾਲ ਹਨ, ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਦੌਰਾਨ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖੀ ਜੰਗਲ ਖਾਲਸਾ ਜਥਾ, ਸਿੱਖ ਜਥਾ ਮਾਲਵਾ, ਰਾਗੀ ਗ੍ਰੰਥੀ ਪ੍ਰਚਾਰਕ ਸਭਾ, ਅੰਮ੍ਰਿਤ ਸੰਚਾਰ ਜਥਾ ਰੱਤਾਖੇੜਾ, ਭਾਈ ਗੁਰਤੇਜ ਸਿੰਘ ਖਡਿਆਲ, ਗੁਰਦੁਆਰਾ ਸਾਹਿਬਾਨ ਤਾਲਮੇਲ ਕਮੇਟੀ ਪੰਚ ਪ੍ਰਧਾਨੀ, ਜਥੇਦਾਰ ਗੁਰਦੀਪ ਸਿੰਘ ਕਾਲਝਾੜ, ਜਥੇਦਾਰ ਬਾਬਾ ਮਾਨ ਸਿੰਘ ਜੀ ਨਿਹੰਗ, ਭਾਈ ਹਰਜਿੰਦਰ ਸਿੰਘ ਬਾਘਾ ਪੁਰਾਣਾ, ਸਿੱਖ ਜਥਾ ਧੂਰੀ, ਸਿੱਖ ਸੇਵਕ ਜਥਾ ਮਾਲਵਾ, ਭਾਈ ਨਵਦੀਪ ਸਿੰਘ ਬਡਬਰ, ਭਾਈ ਮੱਖਣ ਸਿੰਘ ਰਾਜੋਮਾਜਰਾ, ਹਰਮਨਦੀਪ ਸਿੰਘ ਬੇਨੜਾ ਆਦਿ ਸਖਸ਼ੀਅਤਾਂ ਅਤੇ ਜਥੇ ਹਾਜਰ ਸਨ।