(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖਸ ਫ਼ਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪਨੂੰ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਪੰਜਾਬ ਅੰਦਰ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕਰਣ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ “ਕੌਮੀ ਸ਼ਹੀਦ” ਐਲਾਨ ਕਰਣ ਦੀ ਅਕਾਲ ਤਖਤ ਸਾਹਿਬ ਕੋਲ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਹੀ ਹੈ ਜੋ ਕਿ ਆਪਣੀ ਕਲਮ ਦੀ ਤਾਕਤ ਨਾਲ ਇਹ ਬਿਖੜਾ ਕੰਮ ਕਰਕੇ ਆਪ ਸ਼ਹੀਦੀ ਪਾ ਗਏ ਸਨ।

ਜਿਕਰਯੋਗ ਹੈ ਕਿ 1980 ਵਿੱਚ ਪੰਜਾਬ ਸੰਕਟ ਦੇ ਦਿਨਾਂ ਵਿੱਚ ਆਪ੍ਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦੇ ਕਤਲ ਅਤੇ 1984 ਦੇ ਸਿੱਖ-ਵਿਰੋਧੀ ਕਤਲੇਆਮ ਤੋਂ ਬਾਅਦ, ਪੁਲਿਸ ਨੂੰ ਸ਼ੱਕੀ ਵਿਅਕਤੀਆਂ ਨੂੰ ਸ਼ੱਕੀ ਅੱਤਵਾਦੀ ਕਹਿ ਕੇ ਹਿਰਾਸਤ ਵਿੱਚ ਲੈਣ ਦੇ ਅਧਿਕਾਰ ਦੇ ਦਿੱਤੇ ਗਏ ਸੀ। ਪੁਲਿਸ ਉੱਤੇ ਕਥਿਤ ਤੌਰ ‘ਤੇ ਹੋਈ ਗੋਲੀਬਾਰੀ ਵਿਚ ਨਿਹੱਥੇ ਸ਼ੱਕੀ ਲੋਕਾਂ ਦੀ ਹੱਤਿਆ ਕਰਨ ਅਤੇ ਕਤਲਾਂ ਨੂੰ ਛੁਪਾਉਣ ਲਈ ਹਜ਼ਾਰਾਂ ਲਾਸ਼ਾਂ ਸਾੜਨ ਦੇ ਦੋਸ਼ ਲੱਗ ਰਹੇ ਸਨ। ਪਨੂੰ ਨੇ ਦਸਿਆ ਕਿ ਆਪਣੇ ਇੱਕ ਮਿੱਤਰ ਦੀ ਭਾਲ ਕਰਦਿਆਂ ਉਨ੍ਹਾਂ ਕੋਲ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਗੱਲ ਧਿਆਨ ਵਿੱਚ ਆਈ।

ਮਿਉਂਸਪਲ ਕਮੇਟੀ ‘ਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿੱਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਨੇ ਕਲਮ ਦੀ ਲੜਾਈ ਲੜੀ ਹੈ ਅਤੇ ਇਸੇ ਕਲਮ ਦੀ ਤਾਕਤ ਨੂੰ ਸ਼ਹੀਦ ਖਾਲੜਾ ਨੇ ਆਪਣੀ ਕਲਮ ਦੇ ਹਥਿਆਰ ਨਾਲ ਸਾਰੀ ਦੁਨੀਆਂ ਦੇ ਸਾਹਮਣੇ ਲਿਆਉਂਦੀ ਸੀ।

ਇਸ ਲਈ ਉਨ੍ਹਾਂ ਨੂੰ ਕੌਮੀ ਸ਼ਹੀਦ ਐਲਾਨ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਏ । ਇਥੇ ਦਸਣਯੋਗ ਹੈ ਕਿ 6 ਸਤੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇੱਕ ਧਾੜ ਆਈ ਤੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਸ.ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂ’ ਅਤੇ ‘ਝੂਠੇ ਪੁਲਿਸ ਮੁਕਾਬਲਿਆਂ’ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈਣ ਲਈ ਥਾਣਾ ਝਬਾਲ ਦੇ ਇੱਕ ਸੈੱਲ ਵਿੱਚ ਉਸ ਨੂੰ ਤਸੀਹੇ ਦਿੱਤੇ ਗਏ। ਉਨ੍ਹਾਂ ਵਲੋਂ ਗੱਲ ਨਾ ਮੰਨਣ ਕਰਕੇ ਉਨ੍ਹਾਂ ਨੂੰ ਗੋਲੀ ਨਾਲ ਮਾਰ ਕੇ ਉਹਨਾਂ ਦੀ ਲਹੂ ਨਾਲ ਭਿੱਜੀ ਦੇਹ ਨੂੰ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿੱਚ ਰੋੜ੍ਹ ਦਿੱਤੀ ਗਈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version