(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਾਕਾ ਨੀਲਾ ਤਾਰਾ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਜਾਂਚ ਦੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ ‘ਚ ਮੁੜ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ 1984 ਵਿਚ ਵੱਡਾ ਸਦਮਾ ਸਹਿਣਾ ਪਿਆ ਸੀ, ਕਿਉਂਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫ਼ੌਜ ਨੇ ਹਮਲਾ ਕੀਤਾ ਸੀ, ਜਿਸ ਵਿਚ ਅਸਹਿਣਯੋਗ ਤਬਾਹੀ ਅਤੇ ਜਾਨੀ ਨੁਕਸਾਨ ਹੋਇਆ ਸੀ।
ਉਨ੍ਹਾਂ ਕਿਹਾ ਕਿ 30 ਸਾਲ ਬਾਅਦ ਮਿਲੇ ਦਸਤਾਵੇਜ਼ਾਂ ਵਿਚ ਬਹੁਤ ਕੁਝ ਜਨਤਕ ਹੋਇਆ ਹੈ ਪਰ ਪਿਛਲੀ ਕੰਜ਼ਰਵੇਟਿਵ ਸਰਕਾਰ ਮੌਕੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਸਾਕਾ ਨੀਲਾ ਤਾਰਾ ਵਿਚ ਥੈਚਰ ਸਰਕਾਰ ਦੀ ਭੂਮਿਕਾ ਬਾਰੇ ਸੁਤੰਤਰ ਜਾਂਚ ਦੀ ਲੋੜ ਹੈ, ਜਿਸ ਦੇ ਜਵਾਬ ‘ਚ ਸੰਬੰਧਿਤ ਮੰਤਰੀ ਨੇ ਕਿਹਾ ਕਿ ਇਹ ਸਿੱਖਾਂ ਦਾ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ।
ਉਹ ਇਸ ਬਾਰੇ ਸੰਬੰਧਿਤ ਮੰਤਰੀ ਨਾਲ ਗੱਲ ਕਰਨਗੇ। ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਸਰਕਾਰ ਵਲੋਂ ਵੀ ਇਸ ਮਾਮਲੇ ਬਾਰੇ ਜਾਂਚ ਕਰਵਾਈ ਗਈ ਸੀ, ਜਿਸ ਨੂੰ ਸਿੱਖ ਭਾਈਚਾਰੇ ਨੇ ਰੱਦ ਕਰ ਦਿੱਤਾ ਸੀ, ਕਿਉਂਕਿ ਸਰਕਾਰ ਨੇ ਉਕਤ ਮਾਮਲੇ ‘ਚ ਕਈ ਦਸਤਾਵੇਜ਼ਾਂ ਨੂੰ ਜਨਤਕ ਹੋਣ ਤੋਂ ਰੋਕ ਦਿੱਤਾ ਸੀ।