ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦੇ ਸਨਮਾਨ ਬਹਾਲੀ ਦੇ ਸਬੰਧ ਵਿੱਚ ਯੂਕੇ ਦੇ ਗੁਰਦੁਆਰਾ ਸਮੈਦਿਕ ਵਿਚ ਕੀਤਾ ਗਿਆ ਵਿਸ਼ਾਲ ਪੰਥਕ ਇਕੱਠ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋ 2 ਦਸੰਬਰ ਨੂੰ ਹੋਏ ਇਤਿਹਾਸਿਕ ਆਦੇਸ਼ਾਂ ਦੀ ਸ਼ਲਾਘਾ ਕਰਦਿਆਂ ਬਰਤਾਨੀਆਂ ਦੀਆਂ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਮੈਦਿਕ ਵਿਖੇ ਭਾਰੀ ਇਕੱਠ ਕੀਤਾ ਗਿਆ । ਜਿਸ ਵਿੱਚ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਮੋਹਤਵਾਰ ਸੱਜਣਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜੈਕਾਰੇ ਦੀ ਗੂੰਜ ਅੰਦਰ ਚਾਰ ਮੱਤੇ ਪਾਸ ਕੀਤੇ ਗਏ।
ਸਮੈਦਿਕ ਗੁਰੂਘਰ ਦੇ ਪ੍ਰਧਾਨ ਸ ਕੁਲਦੀਪ ਸਿੰਘ ਦਿਉਲ ਨੇ ਅਰੰਭਤਾਂ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੁੱਚੇ ਸਿੱਖ ਪੰਥ ਦੀ ਅਗਵਾਈ ਕਰਦੇ ਹਨ ਤੇ ਉੱਨਾਂ ਦਾ ਦਾਇਰਾ ਕਦੇ ਵੀ ਸੀਮਿਤ ਨਹੀਂ ਹੋ ਸਕਦਾ, ਇਸ ਲਈ ਜਿਹੜੇ ਲੋਕ ਤਖ਼ਤ ਸਾਹਿਬ ਨੂੰ ਆਪਣੀ ਨਿੱਜੀ ਮਲਕੀਅਤ ਸਮਝਦੇ ਹਨ ਉੱਨਾਂ ਨੂੰ ਬਾਜ਼ ਆਉਣਾ ਚਾਹੀਦਾ ਹੈਂ।
ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਬਹੁਤ ਸੁਹਿਰਦਤਾ ਨਾਲ ਸਾਰੇ ਪੰਥ ਨੂੰ ਇਕਜੁੱਟਤਾ ਨਾਲ ਤਖ਼ਤ ਸਾਹਿਬ ਦੇ ਫ਼ੈਸਲਿਆ ਨਾਲ ਖੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਜਥੇਦਾਰ ਸਾਹਿਬਾਨਾ ਦੀ ਨਿਯੁਕਤੀ ਅਤੇ ਬਰਖਾਸਤਗੀ ਕਰਣ ਲਈ ਇਕ ਨਵੇਂ ਵਿਧਾਨ ਨੂੰ ਸ਼ਾਮਲ ਕਰਨ ਲਈ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਭਾਈ ਦਇਆ ਸਿੰਘ ਨੇ ਜਥੇਦਾਰਾਂ ਸਾਹਿਬ ਨਾਲ ਖੜਨ ਦੀ ਲੋੜ ਤੇ ਜ਼ੋਰ ਦਿੱਤਾ, ਇੰਟਰਨੈਸ਼ਨਲ ਪੰਥਕ ਦਲ ਦੇ ਮੁੱਖ ਬੁਲਾਰੇ ਭਾਈ ਕਪਤਾਨ ਸਿੰਘ ਨੇ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਅਤੇ ਕਥਾਵਾਚਕਾਂ ਨੂੰ ਆਖਿਆ ਕਿ ਇਸ ਸਮੇਂ ਤੁਹਾਡੇ ਬੋਲਣ ਦੀ ਲੋੜ ਹੈ।
ਪੰਥਕ ਆਗੂ ਭਾਈ ਕੁਲਦੀਪ ਸਿੰਘ ਜੀ ਚਹੇੜੂ ਨੇ ਆਪਣੇ ਸੰਖੇਪ ਸ਼ਬਦਾਂ ਵਿੱਚ ਮਤੇ ਪੜ ਕੇ ਸੁਣਾਏ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਆਏ ਆਦੇਸ਼ਾ ਦੀ ਅੱਜ ਦੇ ਪੰਥਕ ਇਕੱਠ ਵਿੱਚ ਯੂਕੇ ਦੀਆਂ ਸਮੁੱਚੀਆਂ ਸੰਗਤਾਂ ਵਲੋ ਸ਼ਲਾਘਾ ਕਰਦੇ ਹਾਂ ਤੇ ਨਾਲ ਹੀ ਇਨਾਂ ਫੈਸਲਿਆ ਤੋ ਬਾਅਦ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿੱਜੀ ਤੌਰ ਤੇ ਜਿੰਨਾਂ ਲੋਕਾਂ ਵੱਲੋਂ ਕਿਰਦਾਰਕੁਸ਼ੀ ਕੀਤੀ ਗਈ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਦੂਜੇ ਮੱਤੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ-ਉੱਚਤਾ ਅਤੇ ਅਜ਼ਾਦ ਪ੍ਰਭੂਸੱਤਾ ਵਾਸਤੇ ਰਣਨੀਤੀ ਤਿਆਰ ਕਰਨੀ ਜਿਸ ਵਿੱਚ ਵਿਸ਼ਵਭਰ ਵਿੱਚ ਵੱਸਦੇ ਸਿੱਖਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ । ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਇੰਨ-ਬਿੰਨ ਮੰਨਣਾ ਅਤੇ ਲਾਗੂ ਕਰਵਾਉਣਾ।
ਤੀਜੇ ਮੱਤੇ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਸਮੇਂ ਦੀ ਨਿਯਾਕਤ ਨੂੰ ਪਛਾਣਦਿਆਂ ਵਿਸ਼ਵ ਸਿੱਖ ਸੰਮੇਲਨ ਸੱਦਿਆ ਜਾਵੇ।
ਚੋਥੇ ਮੱਤੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦੇ ਕਿਹਾ ਕਿ ਅੱਜ ਦੇ ਇਸ ਬਿਖੜੇ ਸਮੇ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਜੇਕਰ ਅਹੁਦੇ ਤੋ ਬਰਖ਼ਾਸਤ ਕੀਤਾ ਤਾਂ ਸੰਸਾਰ ਭਰ ਦੇ ਸਿੱਖਾਂ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਭਾਈ ਗੁਰਨਾਮ ਸਿੰਘ ਨਵਾਂਸ਼ਹਿਰ ਪ੍ਰਧਾਨ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ, ਭਾਈ ਜਸਪਾਲ ਸਿੰਘ ਨਿੱਜਰ ਪ੍ਰਧਾਨ ਸੈਜਲੀ ਸਟ੍ਰੀਟ, ਭਾਈ ਰਘਬੀਰ ਸਿੰਘ ਪ੍ਰਧਾਨ ਬਾਬਾ ਸੰਗ, ਭਾਈ ਰਜਿੰਦਰ ਸਿੰਘ ਚਿੱਟੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਡਾ ਸਾਧੂ ਸਿੰਘ, ਭਾਈ ਤਰਸੇਮ ਸਿੰਘ ਦਿਉਲ ਬ੍ਰਿਟਸ਼ ਸਿੱਖ ਕੌਂਸਲ, ਭਾਈ ਚਰਨ ਸਿੰਘ ਪ੍ਰਧਾਨ ਗੁਰੂ ਹਰਗੋਬਿੰਦ ਸਾਹਿਬ ਜੀ, ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਬਲਦੇਵ ਸਿੰਘ ਸੁਪਰੀਮ ਸਿੱਖ ਕੌਂਸਲ, ਭਾਈ ਬਲਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਮੱਖਣਸ਼ਾਹ ਲੁਬਾਣਾ ਟਰੱਸਟ ਯੂਕੇ, ਭਾਈ ਦਰਸ਼ਨ ਸਿੰਘ ਲੋਟੇ ਪ੍ਰਧਾਨ ਮਿਲਟਨ ਕੀਨਜ, ਭਾਈ ਰਘਬੀਰ ਸਿੰਘ ਅਵਾਜਿ ਕੌਮ, ਭਾਈ ਰਣਜੀਤ ਸਿੰਘ ਵਿਰਕ, ਭਾਈ ਜਸਵੰਤ ਸਿੰਘ ਅਤੇ ਹੋਰ ਬਹੁਤ ਸਾਰੇ ਹਾਜਿਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।