ਸੱਜਣ ਕੁਮਾਰ ਨੂੰ ਤਾ-ਉਮਰ ਕੈਦ ਮਿਲਣੀ ਚਾਹੀਦੀ ਹੈ ਜਿਸ ਕਰਕੇ ਓਹ ਆਪਣੇ ਕੀਤੇ ਗੁਨਾਹਾਂ ਨੂੰ ਮੌਤ ਤਕ ਯਾਦ ਕਰਦਾ ਰਹੇ : ਨਿਰਪ੍ਰੀਤ ਕੌਰ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਨਿਰਪ੍ਰੀਤ ਕੌਰ 16 ਸਾਲ ਦੀ ਸੀ ਜਦੋਂ ਉਸਦੇ ਪਿਤਾ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਓਸ ਦੀਆਂ ਅੱਖਾਂ ਦੇ ਸਾਹਮਣੇ ਜਲਾ ਦਿੱਤਾ ਗਿਆ ਸੀ । ਸਿੱਖ ਕਤਲੇਆਮ ਪੀੜਤ ਹੋਣ ਦੇ ਨਾਹਤੇ, ਨਿਰਪ੍ਰੀਤ ਕੌਰ ਜੋ ਕਿ ਪਿਛਲੇ 40 ਸਾਲਾਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੀ ਹੈ ਅਤੇ ਆਪਣੇ ਕੇਸ ਦੇ ਨਾਲ ਹੋਰ ਕੇਸਾਂ ਦੀ ਪੈਰਵਾਈ ਵੀ ਕਰ ਰਹੀ ਹੈ, ਨੇ ਸੱਜਣ ਕੁਮਾਰ ਨੂੰ ਇਕ ਹੋਰ ਮਾਮਲੇ ਵਿਚ ਦੋਸ਼ੀ ਐਲਾਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਜਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ 1 ਨਵੰਬਰ, 1984 ਨੂੰ ਸਰਸਵਤੀ ਵਿਹਾਰ ਵਿੱਚ ਇੱਕ ਸਿੱਖ ਪਿਤਾ-ਪੁੱਤਰ ਦੀ ਹੱਤਿਆ ਨਾਲ ਜੁੜੇ ਮਾਮਲੇ ਵਿਚ ਦੋਸ਼ੀ ਐਲਾਣੇ ਗਏ ਸਨ। ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਤੇ ਫੌਜ ਚੜਾ ਕੇ ਸਿੱਖ ਹਿਰਦਿਆਂ ਨੂੰ ਢਾਹ ਲਗਾਣ ਵਾਲੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪ੍ਰਤੀਕਰਮ ਵਿਚ ਕੀਤੇ ਗਏ ਕਤਲ ਤੋਂ ਬਾਅਦ ਦੇ ਦਿਨਾਂ ਵਿੱਚ, ਭੀੜ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਥਿਤ ਤੌਰ ‘ਤੇ ਕਾਂਗਰਸੀ ਨੇਤਾਵਾਂ ਦੀ ਅਗਵਾਈ ਵਿੱਚ ਸਨ, ਨੇ ਹਿੰਸਾ ਭੜਕਾਈ ਜਿਸ ਵਿੱਚ ਪੂਰੇ ਭਾਰਤ ਵਿੱਚ ਘੱਟੋ-ਘੱਟ 3,000 ਸਿੱਖਾਂ ਦਾ ਕਤਲ ਦੇ ਨਾਲ ਵਡੀ ਲੁੱਟਮਾਰ ਬਲਾਤਕਾਰ ਕੀਤੇ ਗਏ। ਨਿਰਪ੍ਰੀਤ ਕੌਰ, ਜਿਸਦੇ ਪਿਤਾ, ਮਰਹੂਮ ਸ਼ਹੀਦ ਭਾਈ ਨਿਰਮਲ ਸਿੰਘ ਅਖੰਡ ਕੀਰਤਨੀ ਜੱਥੇ ਦੇ ਮੈਂਬਰ ਸਨ, ਨੂੰ 1 ਨਵੰਬਰ, 1984 ਨੂੰ ਪਾਲਮ ਕਲੋਨੀ ਨੇੜੇ ਰਾਜ ਨਗਰ ਵਿੱਚ ਇੱਕ ਭੀੜ ਨੇ ਜ਼ਿੰਦਾ ਸਾੜ ਦਿੱਤਾ ਸੀ, ਜਿਸ ਦੀ ਅਗਵਾਈ ਕਾਂਗਰਸ ਦੇ ਸੱਜਣ ਕੁਮਾਰ, ਮਹਿੰਦਰ ਯਾਦਵ, ਬਲਵਾਨ ਖੋਖਰ ਕਰ ਰਹੇ ਸਨ।
ਨਿਰਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਅਜੇ ਵੀ ਸੰਘਰਸ਼ ਕਰ ਰਹੇ ਹਨ ਤੇ ਬਹੁਤ ਸਾਰੇ ਇੰਨਸਾਫ ਦੀ ਉਡੀਕ ਕਰਦਿਆਂ ਸੰਸਾਰ ਵਿਛੋੜਾ ਕਰ ਚੁੱਕੇ ਹਨ । ਜੋ ਹਾਲੇ ਵੀ ਇੰਨਸਾਫ ਦੀ ਉਡੀਕ ਕਰ ਰਹੇ ਹਨ ਉਨ੍ਹਾਂ ਵਿੱਚੋ ਕਈ ਪੀੜਤਾਂ ਨੂੰ ਢੁਕਵੀਂ ਰਿਹਾਇਸ਼, ਪੈਨਸ਼ਨ ਅਤੇ ਪੁਨਰਵਾਸ ਦੀ ਸਖ਼ਤ ਲੋੜ ਹੈ ਤੇ ਉਨ੍ਹਾਂ ਅਣਗਿਣਤ ਔਰਤਾਂ ਨੂੰ ਨਾ ਭੁੱਲੀਏ ਜਿਨ੍ਹਾਂ ਨਾਲ ਸਿੱਖ ਕਤਲੇਆਮ ਦੌਰਾਨ ਗਰੀਬ ਤਬਕੇ ਦੇ ਹੋਣ ਕਰਕੇ ਬਲਾਤਕਾਰ ਕੀਤਾ ਗਿਆ ਸੀ ਪਰ ਆਪਣੇ ਹਮਲਾਵਰਾਂ ਦੇ ਰਾਜਨੀਤਿਕ ਪ੍ਰਭਾਵ ਕਾਰਨ ਕਦੇ ਨਹੀਂ ਬੋਲੀਆਂ ਸਨ।

ਧਿਆਣਦੇਣ ਯੋਗ ਹੈ ਕਿ ਨਿਰਪ੍ਰੀਤ ਕੌਰ ਨੇ ਸੱਜਣ ਕੁਮਾਰ ‘ਤੇ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਣ ਕਰਕੇ ਖੁਦ ਨੌਂ ਸਾਲ ਟਾਡਾ ਕੇਸ ਅੰਦਰ ਜੇਲ੍ਹ ਵਿੱਚ ਬਿਤਾਏ ਅਤੇ ਆਪਣੀ ਪੜ੍ਹਾਈ ਸਲਾਖਾਂ ਪਿੱਛੇ ਪੂਰੀ ਕੀਤੀ ਕਿਉਂਕਿ ਓਸ ਕੋਲ ਹੋਰ ਕੋਈ ਚਾਰਾ ਨਹੀਂ ਸੀ। ਓਸ ਉਪਰ ਕੇਸ ਵਾਪਿਸ ਲੈਣ ਅਤੇ ਧਮਕਾਉਣ ਲਈ ਕਈ ਜਾਨਲੇਵਾ ਹਮਲੇ ਕੀਤੇ ਗਏ, ਮਾਤਾ ਨੂੰ ਜੇਲ੍ਹ ਡਕਿਆ ਗਿਆ, ਪਰ ਓਹ ਅਕਾਲ ਪੁਰਖ ਦੀ ਮਿਹਰ ਸਦਕਾ ਉਨ੍ਹਾਂ ਤੋਂ ਬਚਦੀ ਰਹੀ, ਅਤੇ ਕੇਸਾਂ ਦੀ ਪੈਰਵਾਈ ਤੋਂ ਥਿੜਕੀ ਨਹੀਂ ਸੀ। ਉਨ੍ਹਾਂ ਦੇ ਮਾਤਾ ਬੀਬੀ ਸੰਪੂਰਨ ਕੌਰ ਜਿਨ੍ਹਾਂ ਤਿੰਨ ਸਾਲ ਟਾਡਾ ਕੇਸ ਅੰਦਰ ਜੇਲ੍ਹ ਕੱਟੀ ਹੈ, ਜੋ ਕਿ ਹੁਣ 85 ਸਾਲਾਂ ਦੇ ਹੋ ਚੁੱਕੇ ਹਨ, ਨੂੰ ਕਾਂਗਰਸ ਦੀ ਅਗਵਾਈ ਵਾਲੀ ਭੀੜ ਨੇ ਬੇਰਹਿਮੀ ਨਾਲ ਕੁੱਟਿਆ ਸੀ ਜਿਸ ਕਰਕੇ ਉਹ ਤੁਰ ਨਹੀਂ ਸਕਦੀ ਹੈ।

ਨਿਰਪ੍ਰੀਤ ਕੌਰ ਨੇ ਪੰਥਕ ਅਖ਼ਬਾਰਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਵੱਖ ਵੱਖ ਅਖਬਾਰਾਂ ਵਲੋਂ ਸਾਡੇ ਹਕ਼ ਵਿਚ ਪ੍ਰਮੁੱਖਤਾ ਨਾਲ ਲਗੀਆਂ ਖਬਰਾਂ ਨੇ ਸਰਕਾਰਾਂ ਤੇ ਦਬਾਅ ਬਣਾਇਆ ਸੀ ਜਿਸ ਦੇ ਅਸੀਂ ਬਹੁਤ ਧੰਨਵਾਦੀ ਹਾਂ। ਉਨ੍ਹਾਂ ਨੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਡ ਸਿੰਘ ਕਾਹਲੋਂ, ਜਿਨ੍ਹਾਂ ਨਿੱਜੀ ਤੌਰ ਤੇ ਮਿਹਨਤ ਕੀਤੀ ਅਤੇ ਹੁਣ ਵੀ ਕਰ ਰਹੇ ਹਨ, ਦਿੱਲੀ ਕਮੇਟੀ ਦੇ ਸਾਬਕਾ ਲੀਗਲ ਏਡਵਾਈਜਰ ਜਸਵਿੰਦਰ ਸਿੰਘ ਜੌਲੀ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸਾਬਕਾ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪਰਮਿੰਦਰਪਾਲ ਸਿੰਘ, ਵਕੀਲ ਹਰਪ੍ਰੀਤ ਸਿੰਘ ਹੋਰਾ, ਐਚ ਐਸ ਫੂਲਕਾ, ਕਾਮਨਾ ਵੋਹਰਾ ਦਾ ਧੰਨਵਾਦ ਕਰਦਿਆਂ ਕਿਹਾ ਇੰਨ੍ਹਾ ਸਭ ਨੇ ਮਿਲ ਕੇ ਟੀਮ ਵਰਕ ਕਰਕੇ ਇੰਨ੍ਹਾ ਕੇਸਾਂ ਉਪਰ ਬਹੁਤ ਮਿਹਨਤ ਕੀਤੀ ਸੀ ਜਿਸ ਕਰਕੇ ਸੱਜਣ ਨੂੰ ਦੂਜੇ ਮਾਮਲੇ ਵਿਚ ਵੀ ਦੋਸ਼ੀ ਐਲਾਣਿਆ ਗਿਆ ਹੈ ਤੇ ਉਨ੍ਹਾਂ ਅਦਾਲਤ ਨੂੰ ਅਪੀਲ ਕਰਦਿਆਂ ਕਿਹਾ ਕਿ ਸੱਜਣ ਨੂੰ ਤਾ-ਉਮਰ ਜੇਲ੍ਹ ਦੀ ਕੈਦ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਓਹ ਆਪਣੇ ਕੀਤੇ ਗੁਨਾਹਾਂ ਨੂੰ ਮੌਤ ਤਕ ਯਾਦ ਕਰਦਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਟਾਈਟਲਰ ਅਤੇ ਕਮਲਨਾਥ ਦੇ ਕੇਸਾਂ ਨੂੰ ਤੇਜੀ ਨਾਲ ਚਲਾ ਕੇ ਸਜ਼ਾ ਦਿਵਾਉਣ ਲਈ ਕਿਹਾ ਹੈ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version