(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜੂਨ ’84 ਤੀਜਾ ਘੱਲੂਘਾਰਾ ਦੀ 40 ਵੇਂ ਵਰ੍ਹੇ ਗੰਢ ਮੌਕੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ 5 ਜੂਨ ਨੂੰ ਸੁਲਤਾਨਵਿੰਡ ਦੇ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਲਗਾਏ ਜਾ ਰਹੇ ‘ਪੰਥਕ ਦੀਵਾਨ’ ਲਈ ਪੰਥ ਸੇਵਕ ਜਥਾ ਵਲੋਂ ਬਠਿੰਡਾ, ਸ੍ਰੀ ਦਮਦਮਾ ਸਾਹਿਬ ਤੇ ਹੋਰ ਥਾਵਾਂ ’ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦੇ ਕੇ ਹਾਜਰ ਹੋਣ ਦੀ ਅਪੀਲ ਕੀਤੀ।
ਸਮਾਗਮ ਸਬੰਧੀ ਹੋਈ ਬੈਠਕ ਤੋਂ ਬਾਅਦ ਸੱਦਾ ਪੱਤਰ ਦੇਣ ਵਾਲਿਆਂ ’ਚ ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡਾ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ. ਕੰਵਲਜੀਤ ਸਿੰਘ ਛੱਜਲਵੰਡੀ, ਭਾਈ ਸੁਖਦੇਵ ਸਿੰਘ ਮੀਕਾ, ਭਾਈ ਕੇਵਲ ਸਿੰਘ ਦਬੁਰਜੀ, ਭਾਈ ਸੁਖਦੀਪ ਸਿੰਘ ਮੰਡਵਾਲ, ਭਾਈ ਮਨਦੀਪ ਸਿੰਘ ਅੰਮ੍ਰਿਤਸਰ ਹਾਜਰ ਸਨ। ਉਹਨਾਂ ਦੱਸਿਆ ਕਿ ਇਹ ਸੱਦਾ ਪੱਤਰ ਪੰਥ ਸੇਵਕ ਜਥਾ ਲੱਖੀ ਜੰਗਲ, ਭਾਈ ਡੱਲ ਸਿੰਘ ਗੱਤਕਾ ਅਕੈਡਮੀ, ਦਮਦਮੀ ਟਕਸਾਲ, ਦਲ ਖ਼ਾਲਸਾ, ਪਿੰਡਾਂ ਦੀਆਂ ਸੰਗਤਾਂ ਨੂੰ ਦਿੱਤੇ ਗਏ।
ਭਾਈ ਹਰਦੀਪ ਸਿੰਘ ਮਹਿਰਾਜ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਜੂਨ 84 ਦਾ ਉਹ ਵਰਤਾਰਾ ਜਦੋਂ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰਾ ਸਾਹਿਬ, ਅਕਾਲ ਤਖ਼ਤ ਸਾਹਿਬ ਸਮੇਤ 65 ਗੁਰਦੁਆਰਿਆਂ ’ਤੇ ਟੈਕਾਂ, ਗੰਨਾਂ ਨਾਲ ਹਮਲੇ ਕਰਕੇ ਪਵਿੱਤਰਤਾ ਭੰਗ ਕੀਤੀ ਤੇ ਸਿੱਖ ਕਤਲੇਆਮ ਕੀਤਾ। ਉਹਨਾਂ ਦੱਸਿਆ ਕਿ ਪੰਥਕ ਦੀਵਾਨ ਦਾ ਸਮਾਂ ਸ਼ਾਮ 8 ਵਜੇ ਤੋਂ ਰਾਤ ਨੂੰ 10:30 ਵਜੇ ਤਕ ਹੋਵੇਗਾ।