(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੰਤਗੜ੍ਹ ਵਿਖੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਨਾਲ ਜੋੜਨ ਲਈ ਨਿਰੰਤਰ ਸਮਰ ਕੈਂਪ ਚੱਲ ਰਹੇ ਹਨ। ਜਿਸ ਤਹਿਤ ਅੱਜ ਬੱਚਿਆਂ ਦੀ ਗੁਰਮਤਿ ਸਿੱਖਿਆ ਦੀ ਕਲਾਸ ਵਿੱਚ ਬੱਚਿਆਂ ਨੂੰ 1 ਜੂਨ ਤੋਂ 6 ਜੂਨ 1984 ਦੇ ਘੱਲੂਘਾਰੇ ਬਾਰੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ । ਇਸ ਵਿਸ਼ੇਸ਼ ਪ੍ਰੋਗਰਾਮ ਅੰਦਰ ਵਧੇਰੇ ਗਿਣਤੀ ਵਿੱਚ ਬੱਚਿਆਂ ਸਮੇਤ ਸੰਗਤਾਂ ਨੇਂ ਸ਼ਿਰਕਤ ਕੀਤੀ । ਕਲਾਸ ਅੰਦਰ ਬੱਚਿਆਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਕੀਤੀ ਗਈ ਸਰਕਾਰੀ ਦਹਿਸ਼ਤ ਗਰਦੀ ਵਿਰੁੱਧ ਰੋਹ ਪ੍ਰਗਟ ਕਰਦਿਆਂ ਕਾਲੇ ਰਿਬਨ ਬੰਨੇ ਹੋਏ ਸਨ ਤੇ ਬੱਚੀਆਂ ਨੇ ਕਾਲੀ ਚੁੰਨੀਆਂ ਕੀਤੀਆਂ ਹੋਈਆਂ ਸਨ । ਭਾਈ ਕਮਲਪ੍ਰੀਤ ਸਿੰਘ ਜੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਬੱਚਿਆਂ ਅਤੇ ਉੱਥੇ ਹਾਜਿਰ ਸੰਗਤਾਂ ਨੂੰ ਸਾਕਾ ਘਲੂਘਾਰੇ ਦੇ ਇਤਿਹਾਸ ਬਾਰੇ ਦਸਿਆ । ਉਨ੍ਹਾਂ ਸਮੇਂ ਦੀ ਸਰਕਾਰ ਵਲੋਂ ਸਿੱਖਾਂ ਉਪਰ ਕਮਾਏ ਗਏ ਜ਼ੁਲਮ ਨੂੰ ਵਿਸਥਾਰ ਨਾਲ ਦਸਿਆ ਜਿਸ ਨਾਲ ਓਹ ਆਪਣੇ ਲਹੂ ਭਿੱਜੇ ਇਤਿਹਾਸ ਨਾਲ ਜੁੜੇ ਰਹਿ ਸਕਣ । ਬੀਬੀ ਰਣਜੀਤ ਕੌਰ ਨੇ ਦਸਿਆ ਕਿ ਅਸੀ ਪਿਛਲੇ ਲੰਮੇ ਸਮੇਂ ਤੋਂ ਗੁਰਦਵਾਰਾ ਸਾਹਿਬ ਵਿਖੇ ਜੂਨ ਮਹੀਨੇ ਵਿਚ ਬੱਚਿਆਂ ਦੀ ਸਕੂਲਾਂ ਅੰਦਰ ਛੁਟੀਆਂ ਹੋਣ ਕਰਕੇ ਗੁਰਮਤਿ ਨਾਲ ਜੋੜਦੇ ਆ ਰਹੇ ਹਾਂ । ਇਸ ਉਪਰਾਲੇ ਵਿਚ ਹੁਣ ਵੱਡੀ ਗਿਣਤੀ ਅੰਦਰ ਬੱਚੇ ਇਸ ਦਾ ਲਾਭ ਚੁੱਕ ਰਹੇ ਹਨ ਤੇ 25 ਜੂਨ ਨੂੰ ਇਸ ਕੈਪ ਦੇ ਅਖੀਰਲੇ ਦਿਨ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ ।