(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਹਨ । ਇਹ ਉਹਨਾਂ ਦੀ ਸ਼ਰਧਾ ਹੈ ਜਿਸਤੇ ਕੋਈ ਕਿੰਤੂ ਪ੍ਰੰਤੂ ਨਹੀ ਹੋ ਸਕਦਾ । ਕੋਈ ਵੀ ਵਿਅਕਤੀ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਗੁਰੂ ਘਰ ਵਿਖੇ ਆ ਸਕਦਾ ਹੈ।
ਪਰ ਤਖ਼ਤ ਸਾਹਿਬ ਤੋਂ ਉਹਨਾਂ ਦੇ ਪਤਿਤ ਹੋਣ ਦੇ ਬਾਵਜੂਦ ਸਿਰਪਾਓ ਦੇਣ ਇਹ ਇੱਕ ਵੱਡੀ ਭੁੱਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਤਖਤ ਸਾਹਿਬ ਤੋਂ ਗੁਰੂ ਦੀ ਮੋਹਰ ਕੇਸਾਂ ਦੀ ਬੇਅਦਬੀ ਕਰਨ ਵਾਲੇ ਪਤਿਤ ਵਿਅਕਤੀ ਨੂੰ ਕਿਸ ਤਰ੍ਹਾਂ ਸਨਮਾਨਿਤ ਕੀਤਾ ਜਾ ਸਕਦਾ ਹੈ ? ਜਦਕਿ ਤਖ਼ਤ ਸਾਹਿਬ ਦੀ ਆਪਣੀ ਇੱਕ ਮਰਿਯਾਦਾ ਹੁੰਦੀ ਹੈ ਜਿਸਦਾ ਪਾਲਣ ਕੀਤਾ ਜਾਣਾ ਚਾਹੀਦਾ ਸੀ । ਜੇਕਰ ਤਖ਼ਤ ਸਾਹਿਬ ਤੋਂ ਹੀ ਪਤਿਤ ਵਿਅਕਤੀਆਂ ਦਾ ਮਾਣ ਸਨਮਾਨ ਹੋਵੇਗਾ ਫੇਰ ਸਿੱਖੀ ਨੂੰ ਢਾਹ ਲੱਗਣ ਤੋਂ ਅਸੀਂ ਕਿਵੇਂ ਰੋਕ ਸਕਾਂਗੇ ?
ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਬਹੁਤ ਹੀ ਸੁਹਿਰਦ ਤੇ ਸੂਝਵਾਨ ਹਨ। ਜਿੰਨਾ ਦਾ ਸਿੱਖ ਪੰਥ ਅੰਦਰ ਬਹੁਤ ਸਤਿਕਾਰ ਹੈ । ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੇ ਤਖ਼ਤ ਸਾਹਿਬ ਦਾ ਜਥੇਦਾਰ ਹੁੰਦਿਆਂ ਇਸ ਤਰ੍ਹਾਂ ਪਤਿਤ ਵਿਅਕਤੀ ਦਾ ਸਨਮਾਨ ਤਖ਼ਤ ਸਾਹਿਬ ਤੋਂ ਹੋਇਆ ਹੈ। ਉਹਨਾਂ ਨੂੰ ਵੀ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਕਿਉਂਕਿ ਮਰਿਯਾਦਾ ਭੰਗ ਕਰਨ ਲਈ ਅਸੀ ਕਲਗੀਧਰ ਪਾਤਸ਼ਾਹ ਦੇ ਦੇਣਦਾਰ ਹੋਵਾਂਗੇ।
ਭਗਵੰਤ ਮਾਨ ਨਾ ਸਿਰਫ ਪਤਿਤ ਹੀ ਹੈ ਸਗੋਂ ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਮੰਨਦਾ। ਅਜਿਹੇ ਸਿੱਖੀ ਤੋਂ ਮੁਨਕਰ ਵਿਅਕਤੀ ਦਾ ਤਖ਼ਤ ਸਾਹਿਬ ਤੋਂ ਸਨਮਾਨ ਹੋਣਾ ਬੇਹੱਦ ਮੰਦਭਾਗੀ ਗੱਲ ਹੈ। ਕੀ ਪੰਜਾਬ ਦਾ ਮੁੱਖ ਮੰਤਰੀ ਹੋਣਾ ਪਤਿਤ ਹੋਣ ਦੀ ਗੱਲ ਨੂੰ ਛੋਟ ਦੇ ਦਿੰਦਾ ਹੈ ? ਇਹ ਮੇਰੀ ਭਗਵੰਤ ਮਾਨ ਨਾਲ ਕੋਈ ਜਾਤੀ ਰੰਜਸ਼ ਨਹੀ ਪਰ ਮੈਂ ਸਮਝਦਾ ਹਾਂ ਕਿ ਤਖ਼ਤ ਸਾਹਿਬ ਦੀ ਮਰਿਆਦਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ । ਸਾਡੀ ਭਗਵੰਤ ਮਾਨ ਨੂੰ ਵੀ ਸਲਾਹ ਹੈ ਕਿ ਕਲਗੀਧਰ ਪਾਤਸ਼ਾਹ ਜੀ ਦਾ ਇਹ ਮਹਾਨ ਤਖ਼ਤ ਹੈ ਜਿੱਥੋਂ ਤੁਹਾਨੂੰ ਭਾਵੇਂ ਗਲਤੀ ਨਾਲ ਹੀ ਸਿਰਪਾਉ ਦੀ ਦਾਤ ਮਿਲ ਗਈ ਹੈ ਹੁਣ ਤੁਸੀਂ ਇਸ ਦਾਤ ਦੀ ਕਦਰ ਕਰਦਿਆਂ ਅੱਗੇ ਤੋਂ ਕੇਸ ਦਾੜ੍ਹੀ ਕਤਲ ਕਰਨੇ ਛੱਡ ਕਿ ਪੂਰੇ ਸਰਦਾਰ ਬਣੋ ਅਤੇ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਹੋਵੋ।
ਜਦੋ ਅਸੀਂ ਇਸ ਸੰਬੰਧੀ ਇਸ ਅਸਥਾਨ ਦੇ ਮੁੱਖ ਪ੍ਰਸ਼ਾਸਕ ਸ ਵਿਜੈ ਸਤਬੀਰ ਸਿੰਘ ਨਾਲ ਗੱਲ ਕਰਕੇ ਇੱਕ ਨਿਮਾਣੇ ਸਿੱਖ ਵਜੋਂ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਤਾਂ ਉਹਨਾਂ ਨੇ ਮਾਫ਼ੀ ਮੰਗਦਿਆਂ ਇਹ ਵਾਅਦਾ ਕੀਤਾ ਹੈ ਕਿ ਅੱਗੇ ਵਾਸਤੇ ਇਸ ਤਰ੍ਹਾਂ ਨਹੀ ਹੋਵੇਗਾ, ਪਰ ਅਸੀਂ ਉਹਨਾਂ ਨੂੰ ਤਖ਼ਤ ਸਾਹਿਬ ਵਿਖੇ ਖਿਮਾਂ ਜਾਚਨਾ ਕਰਨ ਦੀ ਬੇਨਤੀ ਕੀਤੀ ਹੈ, ਉਹਨਾਂ ਦੀ ਅਵਾਜ਼ ਤੋਂ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਹੁਣ ਦਿਲੋਂ ਪਛੁਤਾਵਾ ਹੈ । ਤੇ ਅੱਗੇ ਤੋਂ ਉਹ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਗੇ। ਇਸਦੇ ਨਾਲ ਹੀ ਮੇਰਾ ਉਹਨਾਂ ਸਤਿਕਾਰਤ ਸਿੱਖ ਸਖਸ਼ੀਅਤਾਂ ਨੂੰ ਵੀ ਸੁਆਲ ਹੈ ਜੋ ਉਸ ਵੇਲੇ ਨਾਲ ਸਨ ਕਿ ਜੋ ਵੀ ਹੋਇਆ ਕੀ ਉਹ ਸਹੀ ਹੋਇਆ ਹੈ ਤੇ ਅਸੀ ਗੁਰੂ ਨੂੰ ਕੀ ਮੁੱਖ ਦਿਖਾਵਾਂਗੇ।