ਕਮੇਟੀ ਮੈਂਬਰ ਵਿਰੁੱਧ ਡੀਸੀਪੀ ਨੂੰ ਦਿੱਤੀ ਗਈ ਸ਼ਿਕਾਇਤ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸਕੱਤਰ ਜਨਰਲ ਸ. ਸੁਖਵਿੰਦਰ ਸਿੰਘ ਬੱਬਰ ਵੱਲੋਂ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਜਸਮੇਨ ਸਿੰਘ ਨੋਨੀ ਖ਼ਿਲਾਫ਼ ਸ਼ਹਾਦਰਾਂ ਦੇ ਡੀ.ਸੀ.ਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜਿਸ ਵਿੱਚ ਉਹਨਾਂ ਰਸਤਾ ਰੋਕਣ , ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਮਾਣਹਾਨੀ ਵਰਗੇ ਦੋਸ਼ ਲਗਾਏ ਗਏ ਹਨ।
ਬੀਤੇ ਦਿਨ ਕੀਤੀ ਗਈ ਪ੍ਰੈਸ ਕੋਨਫਰੰਸ ਵਿਚ ਉਨ੍ਹਾਂ ਦਸਿਆ ਕਿ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵੇਲੇ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਜਸਮੇਨ ਸਿੰਘ ਨੋਨੀ ਨੇ ਸਾਥੀਆਂ ਸਮੇਤ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਕਿਉਂਕਿ ਸ. ਬੱਬਰ ਨੇ ਹਮੇਸ਼ਾ ਹੀ ਨੋਨੀ ਦੇ ਗਲਤ ਕੰਮਾਂ ਨੂੰ ਸੰਗਤ ਅੱਗੇ ਨਸ਼ਰ ਕੀਤਾ ਹੈ।
ਇਸੇ ਕਾਰਨ ਨੋਨੀ ਉਹਨਾਂ ਤੇ ਔਖਾ ਹੈ। ਉਹਨਾਂ ਜਸਮੇਨ ਸਿੰਘ ਨੋਨੀ ਨੂੰ ਮਿਲੇ ਗੰਨਮੈਨ ਵੀ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਦਾ ਕੰਮ ਧਰਮ ਦਾ ਪ੍ਰਚਾਰ ਅਤੇ ਸਮਾਜਿਕ ਸੇਵਾ ਕਰਨੀ ਹੁੰਦੀ ਹੈ ਪਰ ਇਹ ਤਾਂ ਉਲਟ ਕੰਮ ਕਰੀ ਜਾ ਰਹੇ ਹਨ ਜੋ ਕਿ ਸਿੱਖ ਪੰਥ ਲਈ ਨਮੋਸ਼ੀ ਜਨਕ ਹਨ। ਜਿਕਰਯੋਗ ਹੈ ਕਿ ਨੌਨੀ ਪਹਿਲਾਂ ਹੀ ਇਕ ਮਾਮਲੇ ‘ਚ ਕੁਝ ਸਮਾਂ ਤਿਹਾੜ ਜੇਲ੍ਹ ਵਿਚ ਬੰਦ ਰਹਿ ਕੇ ਆਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਪ੍ਰਿਥੀਪਾਲ ਸਿੰਘ ਪਾਲੀ , ਸ. ਸਤਨਾਮ ਸਿੰਘ ਜੱਗਾ ਸਮੇਤ ਜਮਨਾ ਪਾਰ ਦੀਆਂ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਰ ਸਨ।