ਭਾਈ ਚੌੜਾ ਨਾਲ ਕੋਈ ਅਣਹੋਣੀ ਘਟਨਾ ਵਾਪਰੀ ਤਾਂ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਸਿੱਧੇ ਤੌਰ ਤੇ ਹੋਣਗੀਆ ਜਿੰਮੇਵਾਰ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਅੰਮ੍ਰਿਤਸਰ ਵਿਖ਼ੇ ਸੁਖਬੀਰ ਗੋਲੀ ਕਾਂਡ ਨਾਲ ਸੰਬੰਧਤ ਸ. ਨਰੈਣ ਸਿੰਘ ਚੌੜਾ ਜੋ 72 ਸਾਲਾਂ ਦੇ ਬਜੁਰਗ ਵਿਦਵਾਨ ਤੇ ਖਾਲਸਾ ਪੰਥ ਦੇ ਆਗੂ ਹਨ, ਉਨ੍ਹਾਂ ਨਾਲ ਸੈਂਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕਿਸੇ ਮੰਦਭਾਵਨਾ ਭਰੀ ਸੋਚ ਅਧੀਨ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਢੰਗਾਂ ਰਾਹੀ ਵਿਵਹਾਰ ਕਰਨ ਦੇ ਅਮਲ ਇਸ ਕਰਕੇ ਸਾਹਮਣੇ ਆ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਤੋ ਤਬਦੀਲ ਕਰਕੇ ਯੂਪੀ ਦੇ ਲਖੀਮਪੁਰ ਖੀਰੀ ਜਿ਼ਲ੍ਹੇ ਵਿਚ ਭੇਜਕੇ ਬੰਦੀ ਬਣਾ ਦਿੱਤਾ ਹੈ । ਜੇਕਰ ਉਨ੍ਹਾਂ ਦੀ ਜਿੰਦਗੀ ਨਾਲ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਵਾਪਰੀ ਤਾਂ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆ।
ਜਿਸ ਜੱਜ ਨੇ ਉਨ੍ਹਾਂ ਦਾ ਰਿਮਾਡ ਦੇ ਕੇ ਦੂਸਰੇ ਸੂਬੇ ਯੂਪੀ ਵਿਚ ਭੇਜਿਆ ਹੈ, ਜੋ ਕਿ ਮੁਤੱਸਵੀ ਸੋਚ ਵਾਲਾ ਫੈਸਲਾ ਹੈ । ਜੇਕਰ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਨੁਕਸਾਨ ਹੋਇਆ ਤਾਂ ਸੰਬੰਧਤ ਜੱਜ ਵੀ ਖਾਲਸਾ ਪੰਥ ਦਾ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ । ਕਿਉਂਕਿ ਪੰਜਾਬੀਆਂ ਅਤੇ ਸਿੱਖਾਂ ਦੇ ਮਸਲਿਆ ਨੂੰ ਸਹਿਜਤਾ ਨਾਲ ਹੱਲ ਕਰਨ ਦੀ ਬਜਾਇ ਇਹ ਦੋਵੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਕਿਸੇ ਸੋਚੀ ਸਮਝੀ ਸਾਜਿਸ ਅਧੀਨ ਗੰਧਲਾ ਵੀ ਕਰ ਰਹੀਆ ਹਨ ਅਤੇ ਪੰਜਾਬੀਆਂ ਨੂੰ ਨਿਸਾਨਾਂ ਬਣਾਕੇ ਉਨ੍ਹਾਂ ਉਤੇ ਆਨੇਬਹਾਨੇ ਜ਼ਬਰ ਜੁਲਮ ਢਾਹੁਣ ਦੀਆਂ ਕਾਰਵਾਈਆ ਵੀ ਕਰਦੀਆ ਨਜਰ ਆ ਰਹੀਆ ਹਨ।
ਸਮੁੱਚੇ ਖਾਲਸਾ ਪੰਥ ਦੀਆਂ ਨਜਰਾਂ ਸ. ਨਰੈਣ ਸਿੰਘ ਚੌੜਾ ਦੇ ਨਾਲ ਕੀਤੇ ਜਾ ਰਹੇ ਹਕੂਮਤੀ ਵਿਵਹਾਰ ਤੇ ਲੱਗੀਆ ਹੋਈਆ ਹਨ । ਇਸ ਲਈ ਦੋਵੇ ਸਰਕਾਰਾਂ ਇਸ ਗੱਲ ਤੇ ਸੁਚੇਤ ਰਹਿਣ ਕਿ ਜੇਕਰ ਉਨ੍ਹਾਂ ਨਾਲ ਕੋਈ ਗੈਰ ਵਿਧਾਨਿਕ ਜਾਂ ਗੈਰ ਸਮਾਜਿਕ ਅਮਲ ਹੋਇਆ ਤਾਂ ਖਾਲਸਾ ਪੰਥ ਸਹਿਣ ਨਹੀ ਕਰੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਨਰੈਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਪੁਲਿਸ ਕਸਟੱਡੀ ਵਿਚੋ ਕੱਢਕੇ ਯੂਪੀ ਦੀ ਲਖੀਮਪੁਰ ਖੀਰੀ ਜੇਲ ਵਿਚ ਭੇਜਣ ਦੀ ਸਾਜਿਸ ਉਤੇ ਗਹਿਰਾ ਦੁੱਖ ਅਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਕਿਸੇ ਕਿਸਮ ਦਾ ਉਸਦਾ ਨੁਕਸਾਨ ਹੋਣ ਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਜੋ ਬਾਦਲ ਅਕਾਲੀ ਦਲ ਦੇ ਪਠਾਨਕੋਟ ਦੇ ਯੂਥ ਪ੍ਰਧਾਨ ਵੱਲੋ ਗੋਲੀ ਕਾਂਡ ਵਾਲੇ ਦਿਨ ਸ. ਨਰੈਣ ਸਿੰਘ ਚੌੜਾ ਦੀ ਗ੍ਰਿਫਤਾਰੀ ਹੋਣ ਤੇ ਵੀ ਉਨ੍ਹਾਂ ਦੀ ਅਪਮਾਨਜਨਕ ਢੰਗ ਨਾਲ ਜ਼ਬਰੀ ਦਸਤਾਰ ਲਾਹੀ ਗਈ ਅਤੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉਸ ਵਿਰੁੱਧ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀ ਬਲਕਿ ਧਾਰਾ 295 ਅਧੀਨ ਸਰਕਾਰ ਵੀ ਅਗਲੇਰੀ ਕਾਰਵਾਈ ਕਰਦੇ ਹੋਏ ਦਸਤਾਰ ਅਤੇ ਕੇਸਾਂ ਦੀ ਤੋਹੀਨ ਕਰਨ ਵਾਲੇ ਦੋਸੀ ਨੂੰ ਸਜ਼ਾ ਦੇਣ ਦਾ ਪ੍ਰਬੰਧ ਕਰੇ । ਉਨ੍ਹਾਂ ਕਿਹਾ ਕਿ ਉਹ ਜਦੋ ਵੱਡੇਰੀ ਉਮਰ ਦੇ ਬਜੁਰਗ ਹਨ, ਤਾਂ ਉਨ੍ਹਾਂ ਨੂੰ ਸਰੀਰਕ ਤਸੱਦਦ ਜੁਲਮ ਕਰਨ ਦੀ ਬਜਾਇ ਉਨ੍ਹਾਂ ਤੋ ਜੁਬਾਨੀ ਤੌਰ ਤੇ ਪੁੱਛਤਾਛ ਕੀਤੀ ਜਾਵੇ ਅਤੇ ਉਨ੍ਹਾਂ ਦੇ ਰਹਿਣ, ਖਾਣ-ਪੀਣ ਦਾ ਵਿਸੇਸ ਧਿਆਨ ਜੇਲ ਵਿਚ ਵੀ ਰੱਖਿਆ ਜਾਵੇ।
ਤਾਂ ਕਿ ਇਸ ਦਿਸ਼ਾ ਵੱਲ ਕਿਸੇ ਤਰ੍ਹਾਂ ਦੀ ਅਣਗਹਿਲੀ ਹੋਣ ਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਜਿਆਦਤੀ ਜਾਂ ਦੁੱਖਦਾਇਕ ਅਮਲ ਨਾ ਹੋ ਸਕੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸਦੀਆਂ ਕੰਮਜੋਰੀਆ ਦੀ ਬਦੌਲਤ ਸ. ਨਰੈਣ ਸਿੰਘ ਚੌੜਾ ਨੂੰ ਲਖੀਮਪੁਰ ਜੇਲ੍ਹ ਭੇਜਿਆ ਗਿਆ ਹੈ। ਉਹ ਇਸ ਵਿਸੇ ਤੇ ਉਚੇਚੇ ਤੌਰ ਤੇ ਪ੍ਰਬੰਧ ਕਰੇਗੀ ਤਾਂ ਕਿ ਆਉਣ ਵਾਲੇ ਸਮੇ ਵਿਚ ਖਾਲਸਾ ਪੰਥ ਦੇ ਵੱਡੇ ਰੋਹ ਦਾ ਪੰਜਾਬ ਸਰਕਾਰ ਨੂੰ ਸਾਹਮਣਾ ਨਾ ਕਰਨਾ ਪਵੇ।