(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਯਾਦ ਵਿੱਚ ਭਾਰਤੀ ਅੰਬੈਸੀ ਵੈਨਕੂਵਰ ਮੂਹਰੇ ਹਰ ਮਹੀਨੇ ਕਿਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਬੀਤੇ ਇਕ ਦਿਨ ਪਹਿਲਾਂ ਸੈਂਕੜੇ ਸੰਗਤਾਂ ਨੇ ਭਾਗ ਲਿਆ ਅਤੇ ਭਾਰਤੀ ਹਕੂਮਤ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਣ ਦੇ ਨਾਲ ਆਪਣਾ ਰੋਸ ਵਿਖਾਇਆ।
ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਕੈਨੇਡਾ ਦਾ ਐਮਪੀ ਚੰਦਰ ਆਰੀਆ ਜੋ ਕਿ ਹਿੰਦ ਦੀ ਸ਼ਹਿ ਤੇ ਕੈਨੇਡਾ ਵਿੱਚ ਭਾਰਤੀ ਦਖਲਅੰਦਾਜ਼ੀ ਨੂੰ ਅੰਜਾਮ ਦਿੰਦਾ ਹੈ, ਉਸਦਾ ਵਿਰੋਧ ਕੀਤਾ ਗਿਆ ਅਤੇ ਉਸਦਾ ਪੁਤਲਾ ਬਣਾਕੇ ਓਸ ਨੂੰ ਬੇਇੱਜਤ ਕਰਣ ਦੇ ਨਾਲ ਆਰੀਆ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਉਹ ਸਿੱਖਾਂ ਵਿਰੁੱਧ ਨਫਰਤੀ ਪ੍ਰਚਾਰ ਤੋਂ ਬਾਜ਼ ਨਹੀਂ ਆਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ।
ਇਸ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਖਹਿਰਾ, ਗੁਰਮੀਤ ਸਿੰਘ ਗਿੱਲ ਵੱਲੋਂ ਜਿੱਥੇ ਭਾਰਤੀ ਸਰਕਾਰ ਵਲੋਂ ਸਿੱਖਾਂ ਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਦਸਿਆ ਗਿਆ ਉਥੇ ਹੀ 26 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਅਤੇ ਭਾਰਤੀ ਸਵਿੰਧਾਨ ਦੇ ਵਿਰੋਧ ਵਿੱਚ ਸੰਗਤ ਨੂੰ ਭਾਰੀ ਗਿਣਤੀ ਵਿੱਚ ਭਾਰਤੀ ਅੰਬੈਸੀ ਵੈਨਕੂਵਰ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ।
ਉਨ੍ਹਾਂ ਦਸਿਆ ਕਿ ਭਾਰਤੀ ਏਜੰਟ ਇਹਨਾਂ ਮੁਜ਼ਾਹਰਿਆਂ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਪਰ ਇਹ ਓਹਦੋਂ ਤੱਕ ਬੰਦ ਨਹੀਂ ਹੋਣਗੇ ਜਦੋਂ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਅਮਰੀਕਾ ਦੇ ਐਲ.ਏ. ਅੰਦਰ 23 ਮਾਰਚ 2025 ਵਿੱਚ ਹੋਣ ਵਾਲੇ ਰੈਫਰੰਡਮ ਵਿੱਚ ਵੀ ਸਰੀ ਕੈਨੇਡਾ ਦੀ ਸਿੱਖ ਸੰਗਤ ਅਤੇ ਕੌਮੀ ਘਰ ਦੇ ਚਾਹਵਾਨਾਂ ਨੂੰ ਵੱਧ ਤੋਂ ਵੱਧ ਉਥੇ ਪਹੁੰਚਣ ਦੀ ਵੀ ਅਪੀਲ ਕੀਤੀ ਗਈ ਤਾਂ ਜੋ ਸਭ ਵਿੱਚ ਉਤਸ਼ਾਹ ਪੈਦਾ ਹੋਵੇ ਅਤੇ ਇੱਕ ਮਿਸਾਲ ਕਾਇਮ ਹੋਵੇ। ਇਸ ਮੌਕੇ ਤੇ ਭਾਈ ਮਨਜਿੰਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਐਬਟਸਫੋਰਡ, ਹਰਪਾਲ ਸਿੰਘ ਬੁੱਟਰ, ਸਿੱਖਸ ਫਾਰ ਜਸਟਿਸ ਤੋਂ ਬਾਬਾ ਰਣਜੀਤ ਸਿੰਘ ਸਮੇਤ ਵਡੀ ਗਿਣਤੀ ਅੰਦਰ ਸੰਗਤ ਸ਼ਾਮਲ ਹੋਈ ਸੀ।