(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮਨਜਿੰਦਰ ਸਿੰਘ ਸਿਰਸਾ ਨਾਲ ਵਾਇਰਲ ਹੋਈਆਂ ਫੋਟੋਆਂ ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਸੁਆਲ ਚੁੱਕਦਿਆਂ ਕਿਹਾ ਕਿ ਗੁਰਬਾਣੀ ਦਾ ਫੁਰਮਾਨ ਹੈ ਕਿ
ਕਾਜੀ ਹੋਇ ਕੈ ਬਹੈ ਨਿਆਇ ॥
ਫੇਰੇ ਤਸਬੀ ਕਰੇ ਖੁਦਾਇ।। ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥
ਇਹ ਪੰਕਤੀਆਂ ਗਿਆਨੀ ਹਰਪ੍ਰੀਤ ਸਿੰਘ ਤੇ ਪੂਰੀਆਂ ਢੁੱਕਦੀਆਂ ਹਨ। ਜਦੋਂ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਤਾਂ ਉਹਨਾਂ ਮਨਜਿੰਦਰ ਸਿੰਘ ਸਿਰਸਾ ਨੂੰ ਦਾੜ੍ਹੀ ਨਾ ਰੰਗਣ ਦਾ ਆਦੇਸ਼ ਦਿੱਤਾ ਸੀ । ਪਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਆਦੇਸ਼ ਨੂੰ ਟਿੱਚ ਜਾਣਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਲਟ ਜਾਂਦੇ ਹੋਏ ਦਾੜ੍ਹੀ ਰੰਗਣੀ ਹੁਣ ਤੱਕ ਜਾਰੀ ਰੱਖੀ ਹੋਈ ਹੈ।
ਜਦੋਂ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਸਰਕਾਰਾਂ ਦੌਰਾਨ ਕੈਬਨਿਟ ਰੈਂਕ ਤੇ ਰਹੇ ਸਾਰੇ ਆਗੂਆਂ ਨੂੰ ਤਲਬ ਕੀਤਾ ਗਿਆ ਤਾਂ ਮਨਜਿੰਦਰ ਸਿਰਸਾ ਨੂੰ ਦਾੜ੍ਹੀ ਰੰਗਣ ਕਾਰਨ ਉੱਥੋਂ ਬਾਹਰ ਕੱਢ ਦਿੱਤਾ ਗਿਆ ਕਿ ਕੁਰਹਿਤੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀ ਆ ਸਕਦਾ ਉਸਦੇ ਬਾਰੇ ਬਾਅਦ ਵਿੱਚ ਫੈਸਲਾ ਹੋਵੇਗਾ ਉਸ ਵੇਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਤੇ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸਨ ਪਰ ਉਹ ਫੈਸਲਾ ਅੱਜ ਤੱਕ ਕੌਮ ਨੂੰ ਪਤਾ ਨਹੀਂ ਲੱਗਿਆ ਕਿ ਸਿਰਸੇ ਨੂੰ ਕੀ ਸਜ਼ਾ ਲਗਾਈ ਗਈ।
ਪਰ ਹੁਣ ਮਨਜਿੰਦਰ ਸਿਰਸੇ ਦੀਆਂ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਤਸਵੀਰਾਂ ਨਸ਼ਰ ਹੋਈਆਂ ਹਨ ਜਿਸ ਵਿੱਚ ਇਹ ਸਿਰਸੇ ਨੂੰ ਸਿਰਪਾਓ ਦੇ ਕੇ ਪਿੱਠ ਥਾਪੜ ਰਹੇ ਹਨ । ਇਸ ਲਈ ਸਵਾਲ ਉੱਠਦਾ ਹੈ ਕਿ ਇੱਕ ਕੁਰਹਿਤੀਏ ਦੀ ਪਿੱਠ ਥਾਪੜ ਕੇ ਤੇ ਸਿਰਪਾਓ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਕੀ ਸਾਬਤ ਕਰਨਾ ਚਾਹੁੰਦੇ ਹਨ ? ਜਦੋਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਕੁਰਹਿਤੀਆ ਦੀ ਪਿੱਠ ਥਾਪੜਨਗੇ ਫੇਰ ਕੌਮ ਦੀ ਨਵੀਂ ਪੀੜ੍ਹੀ ਤੇ ਇਸਦਾ ਕੀ ਅਸਰ ਪਵੇਗਾ ? ਕੀ ਇਹ ਮਨਮਤਾਂ ਤੇ ਕੁਰਹਿਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਨਹੀਂ ? ਜਾਂ ਫਿਰ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਪਹਿਲਾਂ ਬਿਆਨ ਦਿੱਤਾ ਸੀ ਕਿ ‘ਸਾਡੀ ਦਿੱਲੀ ਨਾਲ ਯਾਰੀ ਹੈ’ ਹੁਣ ਉਹ ਆਪਣੀ ਦਿੱਲੀ ਨਾਲ ਯਾਰੀ ਪੁਗਾ ਰਹੇ ਹਨ ? ਜੋ ਕਿ ਸਿੱਖ ਕੌਮ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ।
ਇਕ ਪਾਸੇ ਕੌਮ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਹੋਏ ਹਨ ਜਿੰਨਾ ਨੇ ਸਮੇਂ ਦੇ ਮੁੱਖ ਮੰਤਰੀ ਦੇ ਜਵਾਈ ਦੀ ਦਾੜ੍ਹੀ ਕੱਟੀ ਹੋਣ ਕਾਰਨ ਤਖ਼ਤ ਸਾਹਿਬ ਤੇ ਆਨੰਦ ਕਾਰਜ ਨਹੀ ਸੀ ਕੀਤੇ ਪਰ ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਗਿਆਨੀ ਹਰਪ੍ਰੀਤ ਸਿੰਘ ਹਨ ਜੋ ਦਾੜ੍ਹੀ ਰੰਗਣ ਵਾਲਿਆਂ ਨੂੰ ਸਿੱਖ ਸੰਸਥਾਵਾਂ ਨੂੰ ਬਰਬਾਦ ਕਰਨ ਵਾਲੇ ਨੂੰ ਸਿਰਪਾਓ ਤੇ ਥਾਪੜੇ ਦੇ ਕੇ ਕੌਮ ਨੂੰ ਨਮੋਸ਼ੀ ਦਵਾ ਰਹੇ ਹਨ ਤੇ ਤਖਤ ਸਾਹਿਬਨਾ ਦੇ ਜਥੇਦਾਰਾਂ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ।