(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਦੀ ਇਕ ਅਦਾਲਤ ਵਲੋਂ ਤਿਹਾੜ ਜੇਲ੍ਹ ਅੰਦਰ ਬੰਦ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ ਵਿਚ 41 ਸਾਲ ਦੇ ਲੰਮੇ ਸਮੇਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਹੈ । ਅਦਾਲਤ ਵਲੋਂ ਦੇਰ ਨਾਲ ਸਹੀ ਪਰ ਮਾਮਲੇ ਵਿਚ ਇੰਨਸਾਫ ਕੀਤਾ ਗਿਆ ਹੈ ਜਿਸ ਨਾਲ ਤਪ ਰਹੇ ਸਿੱਖ ਹਿਰਦਿਆਂ ਨੂੰ ਕੁਝ ਧਰਵਾਸ ਮਿਲੀ ਹੈ ਤੇ ਦੇਸ਼ ਦੇ ਕਾਨੂੰਨ ਉਪਰ ਵਿਸ਼ਵਾਸ ਵਧਿਆ ਹੈ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਨੂੰ ਸੱਜਣ ਕੁਮਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਭਾਵੇਂ ਓਹ ਕਿਸੇ ਵੀ ਪਾਰਟੀ ਜਾਂ ਧਿਰ ਨਾਲ ਸੰਬੰਧਿਤ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਅਸੀਂ ਆਸ ਪ੍ਰਗਟ ਕਰਦੇ ਹਾਂ ਕਿ ਮੌਜੂਦਾ ਕੇਂਦਰ ਸਰਕਾਰ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮਾਮਲੇ ਦੇਖ ਰਹੀ ਸੀਟ ਜਗਦੀਸ਼ ਟਾਈਟਲਰ ਅਤੇ ਕਮਲਨਾਥ ਸਮੇਤ ਹੋਰ ਦੋਸ਼ੀਆਂ ਨੂੰ ਵੀ ਜਲਦ ਸਲਾਖਾਂ ਪਿੱਛੇ ਪਹੁੰਚਣ ਲਈ ਜਤਨਸ਼ੀਲ ਰਹੇਗੀ ਅਤੇ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਵਾਉਣ ਵਿਚ ਮਿਹਨਤ ਕੀਤੀ ਸੀ ਓਹ ਬਾਕੀ ਰਹਿੰਦੇ ਦੋਸ਼ੀਆਂ ਵਿਰੁੱਧ ਵੀ ਓਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ। ਜਿਕਰਯੋਗ ਹੈ ਕਿ ਪਰਮਜੀਤ ਸਿੰਘ ਵੀਰਜੀ ਦੇ ਭਾਈ ਸਾਹਿਬ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਸਨ।